ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ 48 ਅਧਿਆਪਕਾਂ ਨੂੰ ਦੇਣਗੇ National Teacher Award

Top Trending News ਦਿੱਲੀ ਰਾਸ਼ਟਰੀ

 

ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ 48 ਅਧਿਆਪਕਾਂ ਨੂੰ ਦੇਣਗੇ National Teacher Award

ਨਵੀਂ ਦਿੱਲੀ, 22 ਅਗਸਤ 2026

ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੇਸ਼ ਦੇ 48 ਸਕੂਲੀ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਪ੍ਰਦਾਨ ਕਰਨਗੇ। ਸਮਾਗਮ ਦੌਰਾਨ ਸਨਮਾਨਿਤ ਅਧਿਆਪਕਾਂ ਦੇ ਵਿਲੱਖਣ ਕਾਰਜਾਂ ਅਤੇ ਸਿੱਖਿਆ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੀਆਂ ਸੰਖੇਪ ਦਸਤਾਵੇਜ਼ੀ ਫ਼ਿਲਮਾਂ ਵੀ ਵਿਖਾਈਆਂ ਜਾਣਗੀਆਂ।

ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਹਰ ਸਾਲ ਅਧਿਆਪਕ ਦਿਵਸ ਮੌਕੇ ਇਹ ਕੌਮੀ ਸਮਾਗਮ ਕਰਵਾਇਆ ਜਾਂਦਾ ਹੈ। ਪੁਰਸਕਾਰ ਲਈ ਅਧਿਆਪਕਾਂ ਦੀ ਚੋਣ ਪਾਰਦਰਸ਼ੀ ਅਤੇ ਆਨਲਾਈਨ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ।

ਸਾਲ 2026 ਦੇ ਪੁਰਸਕਾਰਾਂ ਲਈ ਯੋਗ ਅਧਿਆਪਕਾਂ ਤੋਂ 15 ਜੂਨ ਤੋਂ 20 ਜੁਲਾਈ ਤੱਕ ਆਨਲਾਈਨ ਸਵੈ-ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ ’ਤੇ ਤਿੰਨ ਪੜਾਵਾਂ ਵਿੱਚ ਹੋਈ ਚੋਣ ਪ੍ਰਕਿਰਿਆ ਮਗਰੋਂ 48 ਅਧਿਆਪਕਾਂ ਦੀ ਚੋਣ ਕੀਤੀ ਗਈ ਹੈ।

ਚੁਣੇ ਗਏ ਅਧਿਆਪਕਾਂ ਵਿੱਚ 26 ਪੁਰਸ਼ ਅਤੇ 22 ਮਹਿਲਾਵਾਂ ਹਨ। ਇਹ ਅਧਿਆਪਕ 27 ਸੂਬਿਆਂ, 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੀਆਂ 6 ਸੰਸਥਾਵਾਂ ਨਾਲ ਸਬੰਧਤ ਹਨ। ਸਮਾਗਮ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ, ਸਵਯੰ ਪ੍ਰਭਾ ਚੈਨਲਾਂ ਅਤੇ ਸਿੱਖਿਆ ਮੰਤਰਾਲੇ ਦੇ ਅਧਿਕਾਰਤ ਮਾਧਿਅਮਾਂ ’ਤੇ ਕੀਤਾ ਜਾਵੇਗਾ।