ਵੱਡੀ ਖ਼ਬਰ: BCI ਚੇਅਰਮੈਨ ਦੀਆਂ ਵਧੀਆਂ ਮੁਸ਼ਕਲਾਂ, ਸਹਿ-ਪ੍ਰਧਾਨ ਨੇ ਮੰਗਿਆ ਅਸਤੀਫ਼ਾ
ਨਵੀਂ ਦਿੱਲੀ 23 ਅਗਸਤ 2026
ਹੈਦਰਾਬਾਦ ਸਥਿਤ NALSAR ਯੂਨੀਵਰਸਿਟੀ ਆਫ ਲਾਅ ਦੇ ਵਿਦਿਆਰਥੀਆਂ ਨਾਲ ਜੁੜੇ ਵਿਵਾਦ ਤੋਂ ਬਾਅਦ ਬਾਰ ਕੌਂਸਲ ਆਫ ਇੰਡੀਆ (BCI) ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। BCI ਦੇ ਸਹਿ-ਪ੍ਰਧਾਨ ਅਤੇ ਸੀਨੀਅਰ ਵਕੀਲ ਵਾਈ.ਆਰ. ਸਦਾਸ਼ਿਵ ਰੈੱਡੀ ਨੇ ਗੰਭੀਰ ਦੋਸ਼ ਲਗਾਉਂਦਿਆਂ ਚੇਅਰਮੈਨ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ।
ਸਦਾਸ਼ਿਵ ਰੈੱਡੀ ਨੇ ਮਿਸ਼ਰਾ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਉਹ 15 ਦਿਨਾਂ ਦੇ ਅੰਦਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਪੱਤਰ ਵਿੱਚ ਉਨ੍ਹਾਂ ਨੇ ਵਿੱਤੀ ਬੇਨਿਯਮੀਆਂ ਸਮੇਤ ਕਈ ਗੰਭੀਰ ਮਾਮਲਿਆਂ ਦਾ ਜ਼ਿਕਰ ਕੀਤਾ ਹੈ। ਰੈੱਡੀ ਨੇ ਚੇਅਰਮੈਨ ’ਤੇ ਅੱਠ ਬਿੰਦੂਆਂ ਤਹਿਤ ਦੋਸ਼ ਲਗਾਉਂਦਿਆਂ ਮਾਮਲੇ ਦੀ ਗੰਭੀਰਤਾ ਵੱਲ ਧਿਆਨ ਖਿੱਚਿਆ ਹੈ।
ਸਹਿ-ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਪੱਤਰ ‘ਕਾਫ਼ੀ ਪੀੜਾ’ ਨਾਲ ਲਿਖਿਆ ਹੈ। ਉਨ੍ਹਾਂ ਮੁਤਾਬਕ ਇਸ ਮਾਮਲੇ ’ਤੇ ਚੁੱਪ ਰਹਿਣਾ ਦੇਸ਼ ਭਰ ਦੇ ਵਕੀਲਾਂ ਵੱਲੋਂ ਉਨ੍ਹਾਂ ’ਤੇ ਜਤਾਏ ਗਏ ਭਰੋਸੇ ਨੂੰ ਨਜ਼ਰਅੰਦਾਜ਼ ਕਰਨ ਦੇ ਬਰਾਬਰ ਹੋਵੇਗਾ।
ਹੁਣ ਰੈੱਡੀ ਦੀ ਇਸ ਮੰਗ ਤੋਂ ਬਾਅਦ BCI ਦੀ ਅੰਦਰੂਨੀ ਸਥਿਤੀ ਅਤੇ ਅਗਲੇ ਕਦਮਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।





