4 ਸਾਲ ਤੋ ਘੱਟ ਉਮਰ ਦੇ ਬੱਚਿਆਂ ਲਈ ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ ‘ਤੇ ਸਰਕਾਰ ਨੇ ਲਾਈ ਰੋਕ

Top Trending News ਰਾਸ਼ਟਰੀ

  • 4 ਸਾਲ ਤੋ ਘੱਟ ਉਮਰ ਦੇ ਬੱਚਿਆਂ ਲਈ ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ ‘ਤੇ ਸਰਕਾਰ ਨੇ ਲਾਈ ਰੋਕ

ਨਵੀਂ ਦਿੱਲੀ, (ਦੇਸ਼ ਕਲਿੱਕ ਬਿਊਰੋ): ਛੋਟੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਜ਼ੁਕਾਮ ਅਤੇ ਸਰਦੀ ਲਈ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ’ਤੇ ਸਖ਼ਤ ਪਾਬੰਦੀ ਲਗਾਈ ਹੈ। ਸਰਕਾਰ ਨੇ ਕਲੋਰਫੇਨਿਰਾਮਾਈਨ ਮੈਲੇਟ ਅਤੇ ਫੇਨਾਈਲੇਫ੍ਰਿਨ ਹਾਈਡ੍ਰੋਕਲੋਰਾਈਡ ਦੇ ਮਿਸ਼ਰਣ ਵਾਲੀਆਂ ਸਾਰੀਆਂ ਫਿਕਸਡ ਡੋਜ਼ ਕਾਂਬੀਨੇਸ਼ਨ (FDC) ਦਵਾਈਆਂ ਨੂੰ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਰਤਣ ’ਤੇ ਰੋਕ ਲਗਾਈ ਹੈ। ਇਹ ਫੈਸਲਾ ਮਾਹਿਰਾਂ ਦੀ ਕਮੇਟੀ ਅਤੇ ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ (DTAB) ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਲਿਆ ਗਿਆ ਹੈ। ਮਾਹਿਰਾਂ ਮੁਤਾਬਕ ਇਨ੍ਹਾਂ ਦਵਾਈਆਂ ਦੇ ਮਿਸ਼ਰਣ ਦੀ ਵਰਤੋਂ ਛੋਟੇ ਬੱਚਿਆਂ ਲਈ ਸਿਹਤ ਸਬੰਧੀ ਖਤਰੇ ਪੈਦਾ ਕਰ ਸਕਦੀ ਹੈ।

ਦਵਾਈਆਂ ’ਤੇ ਚੇਤਾਵਨੀ ਲਿਖਣਾ ਲਾਜ਼ਮੀ
ਨਵੀਆਂ ਹਦਾਇਤਾਂ ਤਹਿਤ ਇਨ੍ਹਾਂ ਦੋਵਾਂ ਰਸਾਇਣਾਂ ਵਾਲੇ ਉਤਪਾਦਾਂ ’ਤੇ ਸਪੱਸ਼ਟ ਚੇਤਾਵਨੀ ਦਰਜ ਕਰਨੀ ਲਾਜ਼ਮੀ ਹੋਵੇਗੀ ਕਿ: “ਇਹ ਫਿਕਸਡ ਡੋਜ਼ ਕਾਂਬੀਨੇਸ਼ਨ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਹੈ।” ਇਹ ਚੇਤਾਵਨੀ ਦਵਾਈ ਦੇ ਲੇਬਲ, ਪੈਕੇਜ ਇਨਸਰਟ ਅਤੇ ਪ੍ਰਚਾਰ ਸਮੱਗਰੀ ’ਤੇ ਸਾਫ਼ ਤੌਰ ’ਤੇ ਲਿਖਣੀ ਹੋਵੇਗੀ। ਸਰਕਾਰ ਦੇ ਇਸ ਕਦਮ ਦਾ ਮੁੱਖ ਉਦੇਸ਼ ਛੋਟੇ ਬੱਚਿਆਂ ਨੂੰ ਅਜਿਹੀਆਂ ਦਵਾਈਆਂ ਦੀ ਗਲਤ ਜਾਂ ਬਿਨਾਂ ਡਾਕਟਰੀ ਸਲਾਹ ਵਰਤੋਂ ਤੋਂ ਬਚਾਉਣਾ ਹੈ।