‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਰੁਕੇ ਹੋਏ ਸੀ ਵਿਆਹ: ਹੁਣ ਭਾਰਤ ਪਹੁੰਚੀਆਂ 150 ਪਾਕਿਸਤਾਨੀ ਦੁਲਹਨਾਂ

Top Trending News ਰਾਸ਼ਟਰੀ

  • ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਰੁਕੇ ਹੋਏ ਸੀ ਵਿਆਹ: ਹੁਣ ਭਾਰਤ ਪਹੁੰਚੀਆਂ 150 ਪਾਕਿਸਤਾਨੀ ਦੁਲਹਨਾਂ

ਨਵੀਂ ਦਿੱਲੀ, 24 ਅਗਸਤ (ਦੇਸ਼ ਕਲਿੱਕ ਬਿਊਰੋ): ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਬਾਵਜੂਦ ‘ਆਪਰੇਸ਼ਨ ਸਿੰਦੂਰ’ ਕਾਰਨ ਫਸੀਆਂ ਹੋਈਆਂ ਕਰੀਬ 150 ਪਾਕਿਸਤਾਨੀ ਦੁਲਹਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਲੰਮਾ ਇੰਤਜ਼ਾਰ ਖਤਮ ਹੋ ਗਿਆ ਸੀ। ਹੁਣ ਕੇਂਦਰ ਸਰਕਾਰ ਵੱਲੋਂ ਮਾਨਵੀ ਆਧਾਰ ’ਤੇ ਵੀਜ਼ਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਇਹ ਦੁਲਹਨਾਂ ਹੁਣ ਵੱਖ-ਵੱਖ ਹਵਾਈ ਰੂਟਾਂ ਰਾਹੀਂ ਭਾਰਤ ਪਹੁੰਚ ਚੁੱਕੀਆਂ ਹਨ। ਦਰਅਸਲ, ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਅਟਾਰੀ ਸਰਹੱਦ ਰਾਹੀਂ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸਨ, ਜਿਸ ਕਾਰਨ ਕਰੀਬ 150 ਪਾਕਿਸਤਾਨੀ ਮਹਿਲਾਵਾਂ ਦੀਆਂ ਭਾਰਤ ਵਿੱਚ ਤੈਅ ਹੋਈਆਂ ਸ਼ਾਦੀਆਂ ਲੰਬੇ ਸਮੇਂ ਤੋਂ ਟਲੀਆਂ ਹੋਈਆਂ ਸਨ।

ਪਾਕਿਸਤਾਨ ਦੇ ਸਿੰਧ ਸੂਬੇ ਨਾਲ ਸਬੰਧਤ ਸਿੰਧੀ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਭਾਰਤ ਵਿੱਚ ਹੋਣ ਦੀ ਪਰੰਪਰਾ ਕਾਫੀ ਪੁਰਾਣੀ ਹੈ। ਪਹਿਲਾਂ ਇਹ ਪਰਿਵਾਰ ਵਾਘਾ-ਅਟਾਰੀ ਸਰਹੱਦ ਰਾਹੀਂ ਆਸਾਨੀ ਨਾਲ ਭਾਰਤ ਆ ਜਾਂਦੇ ਸਨ, ਪਰ ਤਣਾਅਪੂਰਨ ਹਾਲਾਤਾਂ ਕਾਰਨ ਇਹ ਰਸਤਾ ਬੰਦ ਹੋਣ ਨਾਲ ਵਿਆਹ ਅਟਕ ਗਏ ਸਨ। ਰਾਇਪੁਰ ਸਥਿਤ ਸ਼ਦਾਨੀ ਦਰਬਾਰ ਦੇ ਯਤਨਾਂ ਤੋਂ ਬਾਅਦ ਅਜਿਹੀਆਂ ਕਰੀਬ 150 ਦੁਲਹਨਾਂ ਦੀ ਸੂਚੀ ਤਿਆਰ ਕਰਕੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਗਈ। ਇਨ੍ਹਾਂ ਵਿੱਚ ਨਾਗਪੁਰ, ਰਾਇਪੁਰ, ਜੋਧਪੁਰ, ਪੁਣੇ ਅਤੇ ਹੋਰ ਭਾਰਤੀ ਸ਼ਹਿਰਾਂ ਵਿੱਚ ਜਿਨ੍ਹਾਂ ਦੀਆਂ ਸ਼ਾਦੀਆਂ ਤੈਅ ਹੋ ਚੁੱਕੀਆਂ ਸਨ, ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ।

ਕੇਂਦਰ ਸਰਕਾਰ ਨੇ ਮਾਨਵੀ ਆਧਾਰ ’ਤੇ ਵੀਜ਼ਾ ਦੇਣ ਦੀ ਮਨਜ਼ੂਰੀ ਦਿੱਤੀ, ਹਾਲਾਂਕਿ ਸ਼ਰਤ ਰੱਖੀ ਗਈ ਕਿ ਇਹ ਪਰਿਵਾਰ ਜ਼ਮੀਨੀ ਸਰਹੱਦ ਦੀ ਬਜਾਏ ਸਿਰਫ਼ ਹਵਾਈ ਰਸਤੇ ਰਾਹੀਂ ਹੀ ਭਾਰਤ ਆਉਣਗੇ। ਸਮਾਜਿਕ ਆਗੂ ਰਾਜੇਸ਼ ਝਾਂਬੀਆ ਅਨੁਸਾਰ, ਇਸ ਸਾਲ ਅਪ੍ਰੈਲ ਤੋਂ ਹੁਣ ਤੱਕ 150 ਦੁਲਹਨਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਮਸਕਟ, ਦੁਬਈ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਰਾਹੀਂ ਭਾਰਤ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚੋਂ 15 ਮਾਮਲੇ ਸਿਰਫ਼ ਨਾਗਪੁਰ ਨਾਲ ਸਬੰਧਤ ਹਨ।

ਇਸ ਰਾਹਤ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀਆਂ ਦੁਲਹਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਹਾਲਾਂਕਿ ਪਾਕਿਸਤਾਨ ਵਿੱਚ ਅਜੇ ਵੀ ਕਰੀਬ 300 ਅਜਿਹੀਆਂ ਮਹਿਲਾਵਾਂ ਹਨ, ਜਿਨ੍ਹਾਂ ਦੀਆਂ ਸ਼ਾਦੀਆਂ ਭਾਰਤ ਵਿੱਚ ਤੈਅ ਹਨ। ਉਨ੍ਹਾਂ ਲਈ ਵੀਜ਼ਾ ਜਾਰੀ ਕਰਨ ਦੀ ਮੰਗ ਕੇਂਦਰ ਸਰਕਾਰ ਅੱਗੇ ਰੱਖੀ ਗਈ ਹੈ।