ਵੱਡੀ ਖ਼ਬਰ: ਚੰਡੀਗੜ੍ਹ ’ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ! ਵਿਸਫੋਟਕ ਸਮੱਗਰੀ ਅਤੇ ਹਥਿਆਰਾਂ ਸਮੇਤ 3 ਗ੍ਰਿਫ਼ਤਾਰ
ਚੰਡੀਗੜ੍ਹ, 24 ਅਗਸਤ 2026
ਚੰਡੀਗੜ੍ਹ ਪੁਲਿਸ ਨੇ ਸੈਕਟਰ-43 ਅੰਤਰਰਾਜੀ ਬੱਸ ਸਟੈਂਡ ਦੇ ਪਿੱਛੇ ਇੱਕ ਸ਼ੱਕੀ ਬੈਗ ਵਿੱਚੋਂ ਵਿਸਫੋਟਕ ਸਮੱਗਰੀ ਅਤੇ ਹਥਿਆਰ ਬਰਾਮਦ ਕਰਕੇ ਕਥਿਤ ਤੌਰ ’ਤੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਵਿੱਚ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਉਨ੍ਹਾਂ ਦੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਸੰਪਰਕ ਅਤੇ ਵਿਦੇਸ਼ ਬੈਠੇ ਇਸ ਦੇ ਕਥਿਤ ਸੰਚਾਲਕ ਸਤਨਾਮ ਉਰਫ਼ ਸੱਤਾ ਨੌਸ਼ਹਿਰਾ ਦੇ ਨਿਰਦੇਸ਼ਾਂ ’ਤੇ ਕੰਮ ਕਰਨ ਦੀ ਗੱਲ ਸਾਹਮਣੇ ਆਈ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਵਾਸੀ ਲਵਪ੍ਰੀਤ ਸਿੰਘ (19), ਜਸਨਪ੍ਰੀਤ ਸਿੰਘ ਉਰਫ਼ ਜਸਨਦੀਪ (21) ਅਤੇ ਅੰਮ੍ਰਿਤਸਰ ਵਾਸੀ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ (19) ਵਜੋਂ ਹੋਈ ਹੈ।
ਪੁਲਿਸ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਐਤਵਾਰ ਦੁਪਹਿਰ ਕਰੀਬ 2 ਵਜੇ ਆਪ੍ਰੇਸ਼ਨ ਸੈੱਲ ਨੇ ਕਾਰਵਾਈ ਕੀਤੀ। ਬੈਗ ਦੀ ਤਲਾਸ਼ੀ ਦੌਰਾਨ ਟਿਫ਼ਿਨ ਵਿੱਚ ਸ਼ੱਕੀ ਆਈਈਡੀ ਮਿਲੀ। ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਮਾਹਿਰਾਂ ਨੇ ਮੌਕੇ ’ਤੇ ਪਹੁੰਚ ਕੇ ਸਮੱਗਰੀ ਨੂੰ ਕਬਜ਼ੇ ਵਿੱਚ ਲਿਆ। ਜਾਂਚ ਦੌਰਾਨ ਆਈਈਡੀ ਸਰਗਰਮ ਨਹੀਂ ਮਿਲੀ।
ਇਸ ਤੋਂ ਇਲਾਵਾ ਕਰੀਬ 5 ਕਿਲੋ ਜੈਲੇਟਿਨ ਛੜਾਂ, ਡੈਟੋਨੇਟਰ, ਰਿਮੋਟ ਨਾਲ ਚੱਲਣ ਵਾਲਾ ਉਪਕਰਨ, ਪਿਸਤੌਲ, ਮੈਗਜ਼ੀਨ ਅਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ। ਪੁਲਿਸ ਨੇ ਸੈਕਟਰ-36 ਥਾਣੇ ਵਿੱਚ ਵਿਸਫੋਟਕ ਪਦਾਰਥ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਵਿਸਫੋਟਕ ਸਮੱਗਰੀ ਕਿੱਥੋਂ ਲਿਆਂਦੀ ਗਈ ਅਤੇ ਇਸ ਸਾਜ਼ਿਸ਼ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ?







