ਰਵਨੀਤ ਬਿੱਟੂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੀਡੀਓ ‘ਤੇ ਲੁਧਿਆਣਾ ਪੁਲਿਸ ਦਾ ਵੱਡਾ ਦਾਅਵਾ

Top Trending News ਪੰਜਾਬ

  • ਰਵਨੀਤ ਬਿੱਟੂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੀਡੀਓ ‘ਤੇ ਲੁਧਿਆਣਾ ਪੁਲਿਸ ਦਾ ਵੱਡਾ ਦਾਅਵਾ

ਲੁਧਿਆਣਾ, 24 ਅਗਸਤ (ਦੇਸ਼ ਕਲਿੱਕ ਬਿਊਰੋ): ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸੋਸ਼ਲ ਮੀਡੀਆ ’ਤੇ ਜਗਰਾਉਂ ਪੁਲ ਹੇਠਾਂ ਦੀ ਇੱਕ ਵੀਡੀਓ ਸਾਂਝੀ ਕੀਤੇ ਜਾਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਵੀਡੀਓ ਵਿੱਚ ਕੁਝ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਨਸ਼ੇ ਦਾ ਟੀਕਾ ਲਗਾਉਂਦੇ ਹੋਏ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ ਸੀ। ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਗਰਾਉਂ ਪੁਲ ਹੇਠਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਸੰਦੀਪ ਵਡੇਰਾ ਨੇ ਕਿਹਾ ਕਿ ਜਿਸ ਥਾਂ ਦੀ ਵੀਡੀਓ ਸਾਹਮਣੇ ਆਈ ਹੈ, ਉੱਥੇ ਇਸ ਸਮੇਂ ਮਾਰਕੀਟ ਲੱਗੀ ਹੋਈ ਹੈ ਅਤੇ ਮੌਕੇ ’ਤੇ ਕੋਈ ਵੀ ਨੌਜਵਾਨ ਨਸ਼ਾ ਕਰਦਾ ਨਜ਼ਰ ਨਹੀਂ ਆਇਆ।

ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਹ ਵੀਡੀਓ ਮੌਜੂਦਾ ਸਮੇਂ ਦੀ ਨਹੀਂ, ਸਗੋਂ ਕਾਫੀ ਪੁਰਾਣੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਈ ਨੌਜਵਾਨਾਂ ਨੂੰ ਨਸ਼ਾ ਛੁਡਵਾ ਕੇ ਮੁੜ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ, ਜਦਕਿ ਕਈ ਹੋਰ ਨੌਜਵਾਨ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਅਧੀਨ ਹਨ।

ਸੰਦੀਪ ਵਡੇਰਾ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਵੱਲੋਂ ਮਾਮਲੇ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਮੁਤਾਬਕ ਰਵਨੀਤ ਸਿੰਘ ਬਿੱਟੂ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੀ ਮੌਜੂਦਾ ਸਥਿਤੀ ਨਾਲ ਪੁਸ਼ਟੀ ਨਹੀਂ ਹੁੰਦੀ ਅਤੇ ਇਹ ਪੁਰਾਣੀ ਵੀਡੀਓ ਹੋ ਸਕਦੀ ਹੈ। ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਅਤੇ ਇਲਾਕੇ ਦੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।