Big Breaking- ਸੜਕ ਹਾਦਸੇ ’ਚ ਹਵਾਈ ਸੈਨਾ ਦੇ ਜਵਾਨ ਤੇ ਪਤਨੀ ਦੀ ਮੌਤ
ਸਮਾਣਾ 26 ਅਗਸਤ 2026
ਭਾਰਤੀ ਹਵਾਈ ਸੈਨਾ ਵਿੱਚ ਸੇਵਾ ਨਿਭਾਅ ਰਹੇ ਸਮਾਣਾ ਦੀ ਢਿੱਲੋਂ ਕਾਲੋਨੀ ਵਾਸੀ ਗੁਰਵਿੰਦਰ ਸਿੰਘ (28) ਅਤੇ ਉਸ ਦੀ ਪਤਨੀ ਲਵਲੀਨ ਕੌਰ (26) ਦੀ ਗੁਜਰਾਤ ਦੇ ਜਾਮਨਗਰ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੋਵਾਂ ਦੀਆਂ ਦੇਹਾਂ ਸਮਾਣਾ ਪੁੱਜਣ ਉਪਰੰਤ ਨਮ ਅੱਖਾਂ ਨਾਲ ਸਰਕਾਰੀ ਸਨਮਾਨਾਂ ਸਹਿਤ ਅੰਤਿਮ ਸੰਸਕਾਰ ਕੀਤਾ ਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ, ਵਾਸੀ ਸਮਾਣਾ (ਫਤਿਹਪੁਰ ਵਾਲੇ), ਆਪਣੀ ਪਤਨੀ ਲਵਲੀਨ ਕੌਰ ਨਾਲ ਐਤਵਾਰ ਨੂੰ ਮੋਟਰਸਾਈਕਲ ’ਤੇ ਜਾਮਨਗਰ ਵਿਖੇ ਜਾ ਰਿਹਾ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਲਗਭਗ ਸਾਢੇ ਸੱਤ ਸਾਲ ਪਹਿਲਾਂ ਭਾਰਤੀ ਹਵਾਈ ਸੈਨਾ ਵਿੱਚ ਐੱਲ.ਏ.ਸੀ. ਆਟੋ ਟੈਕਨੀਸ਼ੀਅਨ ਵਜੋਂ ਭਰਤੀ ਹੋਇਆ ਸੀ ਅਤੇ ਜਾਮਨਗਰ ਹਵਾਈ ਸੈਨਾ ਸਟੇਸ਼ਨ ’ਤੇ ਸੇਵਾ ਨਿਭਾਅ ਰਿਹਾ ਸੀ। ਉਸ ਦਾ ਵਿਆਹ ਕਰੀਬ ਚਾਰ ਮਹੀਨੇ ਪਹਿਲਾਂ ਹੀ ਲਵਲੀਨ ਕੌਰ ਨਾਲ ਹੋਇਆ ਸੀ। ਨੌਜਵਾਨ ਜੋੜੇ ਦੀ ਅਚਾਨਕ ਮੌਤ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।





