ਦੁੱਗਰੀ ਨਹਿਰ ’ਚ ਮਾਂ ਨੇ ਦੋ ਬੱਚਿਆਂ ਸਮੇਤ ਮਾਰੀ ਛਾਲ, 5 ਸਾਲਾ ਧੀ ਦੀ ਮੌਤ

Top Trending News ਪੰਜਾਬ

 

ਦੁੱਗਰੀ ਨਹਿਰ ’ਚ ਮਾਂ ਨੇ ਦੋ ਬੱਚਿਆਂ ਸਮੇਤ ਮਾਰੀ ਛਾਲ, 5 ਸਾਲਾ ਧੀ ਦੀ ਮੌਤ

ਲੁਧਿਆਣਾ 26 ਅਗਸਤ 2026

ਦੁੱਗਰੀ ਇਲਾਕੇ ਵਿੱਚ ਮੰਗਲਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਇੱਕ ਔਰਤ ਨੇ ਆਪਣੇ ਦੋ ਮਾਸੂਮ ਬੱਚਿਆਂ ਸਮੇਤ ਦੁੱਗਰੀ ਨਹਿਰ ਵਿੱਚ ਛਾਲ ਮਾਰ ਦਿੱਤੀ। ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਕਰਦਿਆਂ ਤਿੰਨਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ।

ਹਸਪਤਾਲ ਵਿੱਚ ਡਾਕਟਰਾਂ ਨੇ 5 ਸਾਲਾ ਧੀ ਅਨੰਨਿਆ ਉਰਫ਼ ਅਨੂ ਨੂੰ ਜਾਂਚ ਮਗਰੋਂ ਮ੍ਰਿਤਕ ਐਲਾਨ ਦਿੱਤਾ। ਔਰਤ ਅਨਮੋਲ ਅਤੇ ਉਸ ਦਾ 3 ਸਾਲਾ ਪੁੱਤਰ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਹਨ।

ਪੁਲਿਸ ਅਨੁਸਾਰ ਅਨਮੋਲ ਪਿਛਲੇ ਕੁਝ ਸਮੇਂ ਤੋਂ ਸਹੁਰੇ ਪਰਿਵਾਰ ਨਾਲ ਚੱਲ ਰਹੇ ਵਿਵਾਦ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਉਸ ਵੱਲੋਂ ਦੁੱਗਰੀ ਥਾਣੇ ਵਿੱਚ ਸਹੁਰੇ ਪਰਿਵਾਰ ਖ਼ਿਲਾਫ਼ ਸ਼ਿਕਾਇਤ ਵੀ ਦਿੱਤੀ ਗਈ ਸੀ। ਪਰਿਵਾਰਕ ਵਿਵਾਦ ਦੇ ਚਲਦਿਆਂ ਉਹ ਆਪਣੇ ਪੇਕੇ ਪਰਿਵਾਰ ਕੋਲ ਦੁੱਗਰੀ ਸਥਿਤ ਐਲਆਈਜੀ ਫਲੈਟਾਂ ਵਿੱਚ ਰਹਿ ਰਹੀ ਸੀ।

ਥਾਣਾ ਮਾਡਲ ਟਾਊਨ ਦੀ ਐੱਸਐੱਚਓ ਸਬ-ਇੰਸਪੈਕਟਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਔਰਤ ਦੇ ਦਿਓਰ ਵੱਲੋਂ ਉਸ ਨੂੰ ਧਮਕਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਦਿਆਂ ਪਹਿਲਾਂ ਦਿੱਤੀ ਸ਼ਿਕਾਇਤ, ਪਰਿਵਾਰਕ ਵਿਵਾਦ ਅਤੇ ਧਮਕੀ ਸਮੇਤ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।