ਪੰਜਾਬ ਰੋਡਵੇਜ਼ ਦੇ ਟਾਈਮ ਟੇਬਲਾਂ ’ਚ ਧਾਂਦਲੀਆਂ ਵਿਰੁੱਧ ਰੋਸ; 7 ਸਤੰਬਰ ਤੋਂ ਚੱਕਾ ਜਾਮ ਦੀ ਚਿਤਾਵਨੀ

Top Trending News ਪੰਜਾਬ

 

ਪੰਜਾਬ ਰੋਡਵੇਜ਼ ਦੇ ਟਾਈਮ ਟੇਬਲਾਂ ’ਚ ਧਾਂਦਲੀਆਂ ਵਿਰੁੱਧ ਰੋਸ; 7 ਸਤੰਬਰ ਤੋਂ ਚੱਕਾ ਜਾਮ ਦੀ ਚਿਤਾਵਨੀ

ਲੁਧਿਆਣਾ, 26 ਅਗਸਤ 2026:

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਲੁਧਿਆਣਾ ਵੱਲੋਂ ਰੋਡਵੇਜ਼ ਦੇ ਟਾਈਮ ਟੇਬਲਾਂ ਵਿੱਚ ਕਥਿਤ ਧਾਂਦਲੀਆਂ ਅਤੇ ਲਗਾਤਾਰ ਕੀਤੇ ਜਾ ਰਹੇ ਫੇਰਬਦਲ ਵਿਰੁੱਧ ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਦੇ ਗੇਟ ’ਤੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂਆਂ ਜਤਿੰਦਰ ਸਿੰਘ ਸੋਨੀ, ਗੁਰਪ੍ਰੀਤ ਸਿੰਘ ਵੜੈਚ ਅਤੇ ਸੁਖਵਿੰਦਰ ਸਿੰਘ ਬੱਬੂ ਨੇ ਦੋਸ਼ ਲਾਇਆ ਕਿ ਲੁਧਿਆਣਾ ਡਿਪੂ ਦਾ ਟਾਈਮ ਟੇਬਲ ਲੰਬੇ ਸਮੇਂ ਤੋਂ ਗਲਤ ਢੰਗ ਨਾਲ ਚਲਾਇਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਟਾਈਮ ਟੇਬਲਾਂ ਵਿੱਚ ਲਗਾਤਾਰ ਕਟੌਤੀ ਅਤੇ ਬਦਲਾਅ ਕਾਰਨ ਸਰਕਾਰੀ ਬੱਸ ਸੇਵਾ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਘਾਟਾ ਪਾ ਕੇ ਨਿੱਜੀ ਬੱਸ ਸੰਚਾਲਕਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।

ਰੋਸ ਰੈਲੀ ਵਿੱਚ ਏਟਕ, ਇੰਪਲਾਈਜ਼ ਯੂਨੀਅਨ ਆਜ਼ਾਦ, ਡਰਾਈਵਰ ਯੂਨੀਅਨ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਟਾਈਮ ਟੇਬਲ ਤੁਰੰਤ ਦਰੁਸਤ ਨਾ ਕੀਤੇ ਗਏ ਤਾਂ 7 ਸਤੰਬਰ ਤੋਂ ਡਿਪੂ ਬੰਦ ਕਰਕੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਪੱਧਰੀ ਸੰਘਰਸ਼ ਵੀ ਵਿੱਢਣ ਦਾ ਐਲਾਨ ਕੀਤਾ ਗਿਆ।