- ਇਜ਼ਰਾਈਲੀ PM ਦੇ ਮੇਕਅਪ ’ਤੇ 4 ਕਰੋੜ ਰੁਪਏ ਖਰਚ, ਤਿੰਨ ਪ੍ਰਧਾਨ ਮੰਤਰੀਆਂ ’ਚ ਨੇਤਨਯਾਹੂ ਦਾ ਬਿੱਲ ਸਭ ਤੋਂ ਵੱਧ
ਨਵੀਂ ਦਿੱਲੀ, 12 ਸਤੰਬਰ (ਦੇਸ਼ ਕਲਿੱਕ ਬਿਊਰੋ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਵਾਲਾਂ ਦੀ ਸਟਾਈਲਿੰਗ ਅਤੇ ਮੇਕਅਪ ’ਤੇ 2019 ਤੋਂ ਅਗਸਤ 2026 ਤੱਕ ਕਰੀਬ 4.7 ਲੱਖ ਡਾਲਰ (ਲਗਭਗ 4 ਕਰੋੜ ਰੁਪਏ) ਸਰਕਾਰੀ ਖਰਚ ਹੋਏ ਹਨ। ਇਹ ਖੁਲਾਸਾ ਸੂਚਨਾ ਦੇ ਅਧਿਕਾਰ (RTI) ਤਹਿਤ ਮਿਲੇ ਸਰਕਾਰੀ ਰਿਕਾਰਡ ਤੋਂ ਹੋਇਆ ਹੈ। ਦਸੰਬਰ 2025 ਵਿੱਚ ਵਕੀਲ ਯਾਰਾ ਸ਼ਲਿਤ ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਸ ਖਰਚ ਦਾ ਵੇਰਵਾ ਮੰਗਿਆ ਸੀ। ਰਿਕਾਰਡ ਮੁਤਾਬਕ ਪਿਛਲੇ 7 ਸਾਲਾਂ ਦੌਰਾਨ ਇਜ਼ਰਾਈਲ ਵਿੱਚ ਬੈਂਜਾਮਿਨ ਨੇਤਨਯਾਹੂ, ਨਫਤਾਲੀ ਬੇਨੇਟ ਅਤੇ ਯਾਇਰ ਲੈਪਿਡ ਪ੍ਰਧਾਨ ਮੰਤਰੀ ਰਹੇ। ਇਸ ਦੌਰਾਨ ਵਾਲਾਂ ਅਤੇ ਮੇਕਅਪ ’ਤੇ ਹੋਏ ਕੁੱਲ ਖਰਚ ਦਾ ਕਰੀਬ 90 ਫੀਸਦੀ ਹਿੱਸਾ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨਾਲ ਜੁੜਿਆ ਹੈ।
2023 ’ਚ ਜੰਗ ਸ਼ੁਰੂ ਹੋਣ ਦੌਰਾਨ ਵੀ ਖਰਚ
ਸਤੰਬਰ ਤੋਂ ਨਵੰਬਰ 2023 ਦਰਮਿਆਨ ਪ੍ਰਧਾਨ ਮੰਤਰੀ ਦੇ ਵਾਲਾਂ ਦੀ ਸਟਾਈਲਿੰਗ ’ਤੇ ਕਰੀਬ 2,600 ਡਾਲਰ (22 ਲੱਖ ਰੁਪਏ) ਅਤੇ ਮੇਕਅਪ ’ਤੇ 1,580 ਡਾਲਰ (13 ਲੱਖ ਰੁਪਏ) ਖਰਚ ਹੋਏ। ਅਕਤੂਬਰ 2023 ਵਿੱਚ ਇਕੱਲੇ ਹੇਅਰ ਸਟਾਈਲਿੰਗ ’ਤੇ ਕਰੀਬ 810 ਡਾਲਰ (68 ਹਜ਼ਾਰ ਰੁਪਏ) ਖਰਚ ਕੀਤੇ ਗਏ। ਪੂਰੇ 2023 ਦੌਰਾਨ ਵਾਲਾਂ ਅਤੇ ਮੇਕਅਪ ’ਤੇ ਕਰੀਬ 1.03 ਲੱਖ ਡਾਲਰ (86 ਲੱਖ ਰੁਪਏ) ਖਰਚ ਹੋਏ। ਇਸ ਦੇ ਮੁਕਾਬਲੇ 2022 ਵਿੱਚ ਨਫਤਾਲੀ ਬੇਨੇਟ ਅਤੇ ਯਾਇਰ ਲੈਪਿਡ ਦੇ ਕਾਰਜਕਾਲ ਦੌਰਾਨ ਇਹ ਖਰਚ ਕਰੀਬ 27,600 ਡਾਲਰ (23 ਲੱਖ ਰੁਪਏ) ਰਿਹਾ।
2025 ’ਚ ਸਭ ਤੋਂ ਵੱਧ ਖਰਚ
ਰਿਕਾਰਡ ਮੁਤਾਬਕ 2025 ਵਿੱਚ ਵਾਲਾਂ ਦੀ ਸਟਾਈਲਿੰਗ ਅਤੇ ਮੇਕਅਪ ’ਤੇ ਸਭ ਤੋਂ ਵੱਧ ਖਰਚ ਹੋਇਆ। ਪੂਰੇ ਸਾਲ ਵਿੱਚ ਇਹ ਰਕਮ ਕਰੀਬ 93 ਲੱਖ ਰੁਪਏ ਰਹੀ। ਵਿਦੇਸ਼ ਦੌਰਿਆਂ ਦੌਰਾਨ ਵੀ ਇਸ ਮਦ ਵਿੱਚ ਲੱਖਾਂ ਰੁਪਏ ਖਰਚ ਕੀਤੇ ਗਏ। ਫਰਵਰੀ 2025 ਵਿੱਚ ਹੇਅਰ ਸਟਾਈਲਿਸਟ ਅਤੇ ਮੇਕਅਪ ਆਰਟਿਸਟ ਦੀਆਂ ਸੇਵਾਵਾਂ ’ਤੇ ਕਰੀਬ 11 ਲੱਖ ਰੁਪਏ ਖਰਚ ਹੋਏ। ਇਹ ਵਿਦੇਸ਼ ਯਾਤਰਾ ਦੌਰਾਨ ਇਸ ਮਦ ਵਿੱਚ ਸਭ ਤੋਂ ਵੱਡਾ ਖਰਚ ਦੱਸਿਆ ਗਿਆ ਹੈ। ਇਹ ਦੌਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਲਈ ਕੀਤਾ ਗਿਆ ਸੀ। ਜੁਲਾਈ 2024 ਵਿੱਚ ਨੇਤਨਯਾਹੂ ਦੀ ਵਾਸ਼ਿੰਗਟਨ ਯਾਤਰਾ ਦੌਰਾਨ ਵੀ ਵਾਲਾਂ ਅਤੇ ਮੇਕਅਪ ’ਤੇ ਕਰੀਬ 9.6 ਲੱਖ ਰੁਪਏ ਖਰਚ ਹੋਏ।
ਕੱਪੜਿਆਂ ਤੇ ਮਹਿਮਾਨਾਂ ਦੀ ਮੇਜ਼ਬਾਨੀ ’ਤੇ ਵੀ ਵੱਡਾ ਖਰਚ
ਵਾਲਾਂ ਅਤੇ ਮੇਕਅਪ ਤੋਂ ਇਲਾਵਾ ਨੇਤਨਯਾਹੂ ਨਾਲ ਜੁੜੇ ਕੱਪੜਿਆਂ ਅਤੇ ਮਹਿਮਾਨਾਂ ਦੀ ਮੇਜ਼ਬਾਨੀ ਦੇ ਖਰਚੇ ਕਰੀਬ 1.12 ਕਰੋੜ ਰੁਪਏ ਰਹੇ। ਇਸ ਦੇ ਮੁਕਾਬਲੇ ਨਫਤਾਲੀ ਬੇਨੇਟ ਲਈ ਕਰੀਬ 16 ਲੱਖ ਰੁਪਏ ਅਤੇ ਯਾਇਰ ਲੈਪਿਡ ਲਈ ਲਗਭਗ 2.2 ਲੱਖ ਰੁਪਏ ਖਰਚ ਹੋਏ। ਹਾਲਾਂਕਿ, ਸਰਕਾਰ ਨੇ ਗਹਿਣਿਆਂ, ਕੱਪੜਿਆਂ ਅਤੇ ਇਮੇਜ ਕੰਸਲਟਿੰਗ ਨਾਲ ਜੁੜੇ ਕੁਝ ਖਰਚਿਆਂ ਦਾ ਪੂਰਾ ਵੇਰਵਾ ਜਾਰੀ ਨਹੀਂ ਕੀਤਾ। ਕੁਝ ਦਸਤਾਵੇਜ਼ਾਂ ਵਿੱਚ ਹੇਅਰ ਸਟਾਈਲਿਸਟ ਅਤੇ ਮੇਕਅਪ ਆਰਟਿਸਟ ਦੇ ਨਾਮ ਵੀ ਲੁਕਾਏ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਲਈ ਰਾਜ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਹੈ।







