- ਮੋਹਾਲੀ ’ਚ ਮੀਂਹ ਕਾਰਨ 2 ਸਾਲਾ ਬੱਚੇ ਦੀ ਮੌਤ
ਮੋਹਾਲੀ/ਚੰਡੀਗੜ੍ਹ, 13 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਵਿੱਚ ਐਤਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਲਈ। ਜਲੰਧਰ, ਮੋਹਾਲੀ ਅਤੇ ਚੰਡੀਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪਿਆ। ਮੋਹਾਲੀ ਦੇ ਫੇਜ਼-2 ਦੇ ਰਿਹਾਇਸ਼ੀ ਇਲਾਕਿਆਂ ਅਤੇ ਵੱਖ-ਵੱਖ ਮਾਰਕੀਟਾਂ ਵਿੱਚ ਪਾਣੀ ਭਰ ਗਿਆ। ਇਸ ਦੌਰਾਨ ਖਰੜ ਦੇ ਵਾਰਡ ਨੰਬਰ-16 ਵਿੱਚ ਮੀਂਹ ਅਤੇ ਡਰੇਨੇਜ ਲਾਈਨ ਦਾ ਪਾਣੀ ਘਰ ਵਿੱਚ ਦਾਖਲ ਹੋਣ ਕਾਰਨ 2 ਸਾਲਾ ਬੱਚੇ ਦੀ ਮੌਤ ਹੋ ਗਈ। ਖਰੜ ਦੇ ਵਾਰਡ ਨੰਬਰ-16 ਵਿੱਚ ਤੇਜ਼ ਮੀਂਹ ਦੌਰਾਨ ਡਰੇਨੇਜ ਦਾ ਪਾਣੀ ਘਰ ਵਿੱਚ ਦਾਖਲ ਹੋ ਗਿਆ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਬੈੱਡ ਤੱਕ ਪਹੁੰਚ ਗਿਆ, ਜਿੱਥੇ 2 ਸਾਲਾ ਬੱਚਾ ਸੁੱਤਾ ਹੋਇਆ ਸੀ। ਪਾਣੀ ਵਿੱਚ ਡਿੱਗਣ ਕਾਰਨ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੇਵਾ ਵਜੋਂ ਹੋਈ ਹੈ।
ਫੇਜ਼-10 ’ਚ ਸੜਕ ’ਚ ਧੱਸੀ ਕਾਰ
ਮੋਹਾਲੀ ਦੇ ਫੇਜ਼-10 ਵਿੱਚ ਵੀ ਭਾਰੀ ਮੀਂਹ ਕਾਰਨ ਹਾਲਾਤ ਖਰਾਬ ਹੋ ਗਏ। ਇੱਥੇ ਇੱਕ ਕਾਰ ਸੜਕ ਵਿੱਚ ਧੱਸ ਗਈ। ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਪਾਉਣ ਲਈ ਕਰੀਬ ਇੱਕ ਸਾਲ ਪਹਿਲਾਂ ਸੜਕ ਦੀ ਖੁਦਾਈ ਕੀਤੀ ਗਈ ਸੀ। ਮੀਂਹ ਤੋਂ ਬਾਅਦ ਇੱਥੇ ਪਾਣੀ ਭਰ ਜਾਣ ਕਾਰਨ ਸੜਕ ਕਮਜ਼ੋਰ ਹੋ ਗਈ ਅਤੇ ਕਾਰ ਧੱਸ ਗਈ।
ਚੰਡੀਗੜ੍ਹ ’ਚ 121 MM ਮੀਂਹ
ਚੰਡੀਗੜ੍ਹ ਵਿੱਚ ਵੀ ਤੇਜ਼ ਮੀਂਹ ਪਿਆ ਅਤੇ ਇੱਥੇ 121 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਖਰਾਬ ਮੌਸਮ ਦਾ ਅਸਰ ਹਵਾਈ ਆਵਾਜਾਈ ’ਤੇ ਵੀ ਪਿਆ। ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਫਲਾਈਟ ਮੌਸਮ ਖਰਾਬ ਹੋਣ ਕਾਰਨ ਚੰਡੀਗੜ੍ਹ ਏਅਰਪੋਰਟ ’ਤੇ ਲੈਂਡ ਨਹੀਂ ਕਰ ਸਕੀ। ਫਲਾਈਟ ਨੂੰ ਜੈਪੁਰ ਡਾਇਵਰਟ ਕੀਤਾ ਗਿਆ, ਜਿੱਥੇ ਇਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਜਲੰਧਰ ’ਚ ਤੇਜ਼ ਹਵਾਵਾਂ ਨਾਲ ਝਮਾਝਮ ਮੀਂਹ
ਸ਼ਾਮ ਕਰੀਬ 4 ਵਜੇ ਜਲੰਧਰ ਵਿੱਚ ਵੀ ਤੇਜ਼ ਹਵਾਵਾਂ ਦੇ ਨਾਲ ਝਮਾਝਮ ਮੀਂਹ ਪਿਆ। ਮੌਸਮ ਵਿਭਾਗ ਨੇ 17 ਸਤੰਬਰ ਤੱਕ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਇਸ ਸਬੰਧੀ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।







