Breaking: ਮਣੀਪੁਰ ’ਚ ਮੁੜ ਭੜਕੀ ਹਿੰਸਾ! 4 ਲੋਕਾਂ ਦੀ ਮੌਤ; 6 ਸਾਲਾ ਬੱਚਾ ਜ਼ਖ਼ਮੀ

Top Trending News ਰਾਸ਼ਟਰੀ

 

Breaking: ਮਣੀਪੁਰ ’ਚ ਮੁੜ ਭੜਕੀ ਹਿੰਸਾ! 4 ਲੋਕਾਂ ਦੀ ਮੌਤ; 6 ਸਾਲਾ ਬੱਚਾ ਜ਼ਖ਼ਮੀ

ਇੰਫਾਲ 14 ਸਤੰਬਰ 2026

ਮਣੀਪੁਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸ਼ੱਕੀ ਉਗਰਵਾਦੀਆਂ ਵੱਲੋਂ ਕੀਤੇ ਗਏ ਵੱਖ-ਵੱਖ ਹਮਲਿਆਂ ਵਿੱਚ ਕੁਕੀ ਭਾਈਚਾਰੇ ਦੇ ਚਾਰ ਲੋਕਾਂ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸੂਬੇ ਵਿੱਚ ਇੱਕ ਵਾਰ ਮੁੜ ਹਿੰਸਾ ਭੜਕਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਐਤਵਾਰ ਨੂੰ ਤਾਮੇਂਗਲੋਂਗ ਅਤੇ ਨੋਨੀ ਜ਼ਿਲ੍ਹਿਆਂ ਵਿੱਚ ਦੋ ਵੱਖ-ਵੱਖ ਹਮਲੇ ਹੋਏ। ਤਾਮੇਂਗਲੋਂਗ ਜ਼ਿਲ੍ਹੇ ਦੇ ਕੈਮਾਈ ਥਾਣਾ ਖੇਤਰ ਅਧੀਨ ਆਉਂਦੇ ਟੋਲੇਨ ਕੁਕੀ ਪਿੰਡ ਵਿੱਚ ਹੋਏ ਹਮਲੇ ਦੌਰਾਨ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।

ਇਸੇ ਤਰ੍ਹਾਂ ਨੋਨੀ ਜ਼ਿਲ੍ਹੇ ਦੇ ਨੁੰਗਬਾ ਥਾਣਾ ਖੇਤਰ ਅਧੀਨ ਲੋਂਗਪੀ ਪਿੰਡ ਵਿੱਚ ਵੀ ਹਮਲਾ ਕੀਤਾ ਗਿਆ। ਇੱਥੇ ਵੀ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਹੋਈ, ਜਿਨ੍ਹਾਂ ਵਿੱਚ ਇੱਕ ਔਰਤ ਸ਼ਾਮਲ ਦੱਸੀ ਜਾ ਰਹੀ ਹੈ।

ਇਨ੍ਹਾਂ ਘਟਨਾਵਾਂ ਦੌਰਾਨ ਇੱਕ 6 ਸਾਲਾ ਮਾਸੂਮ ਬੱਚੇ ਨੂੰ ਵੀ ਗੋਲੀ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕਿਆਂ ਵਿੱਚ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਹਮਲਿਆਂ ਨੇ ਮਣੀਪੁਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਹਿੰਸਾ ਦੇ ਮੁੜ ਤੇਜ਼ ਹੋਣ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।