ਭਾਰਤੀ ਮਹਿਲਾ ਕ੍ਰਿਕਟ ਨੇ ਏਸ਼ੀਆ ਕੱਪ ਜਿੱਤਿਆ, ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ

Top Trending News ਕੌਮਾਂਤਰੀ ਖੇਡਾਂ ਰਾਸ਼ਟਰੀ

 

 

ਭਾਰਤੀ ਮਹਿਲਾ ਕ੍ਰਿਕਟ ਨੇ ਏਸ਼ੀਆ ਕੱਪ ਜਿੱਤਿਆ, ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ, 14 ਸਤੰਬਰ 2026

ਦੁਬਈ ਵਿੱਚ ਖੇਡੇ ਗਏ ਵੁਮੈਨ ਏਸ਼ੀਆ ਕੱਪ ਟੀ-20 ਦੇ ਫ਼ਾਈਨਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 183 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਜਵਾਬ ਵਿੱਚ ਸ੍ਰੀਲੰਕਾ ਦੀ ਟੀਮ 111 ਦੌੜਾਂ ’ਤੇ ਹੀ ਆਲ ਆਊਟ ਹੋ ਗਈ।

ਭਾਰਤ ਲਈ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕਟ ਲਈ ਸਿਰਫ਼ 77 ਗੇਂਦਾਂ ਵਿੱਚ 129 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੈਫਾਲੀ ਨੇ ਮਹਿਲਾ ਏਸ਼ੀਆ ਕੱਪ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਜੜਨ ਦਾ ਰਿਕਾਰਡ ਬਣਾਉਂਦਿਆਂ ਮਹਿਜ਼ 24 ਗੇਂਦਾਂ ਵਿੱਚ ਆਪਣੀ ਫ਼ਿਫਟੀ ਪੂਰੀ ਕੀਤੀ ਅਤੇ 68 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 35 ਗੇਂਦਾਂ ਵਿੱਚ 59 ਦੌੜਾਂ ਦੀ ਪਾਰੀ ਖੇਡਦਿਆਂ ਆਪਣਾ 36ਵਾਂ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਪੂਰਾ ਕੀਤਾ। ਪਾਵਰਪਲੇਅ ਵਿੱਚ ਭਾਰਤ ਨੇ ਬਿਨਾਂ ਨੁਕਸਾਨ ਦੇ 57 ਦੌੜਾਂ ਬਣਾਈਆਂ ਅਤੇ 10 ਓਵਰਾਂ ਤੱਕ ਸਕੋਰ 98 ਦੌੜਾਂ ਤੱਕ ਪਹੁੰਚ ਗਿਆ। ਹਾਲਾਂਕਿ ਆਖ਼ਰੀ 5 ਓਵਰਾਂ ਵਿੱਚ ਸਿਰਫ਼ 43 ਦੌੜਾਂ ਹੀ ਬਣ ਸਕੀਆਂ, ਪਰ ਜੀ. ਕਮਾਲਿਨੀ ਨੇ ਨਾਬਾਦ 15 ਦੌੜਾਂ (5 ਗੇਂਦਾਂ) ਦੀ ਤੇਜ਼ ਪਾਰੀ ਖੇਡਦਿਆਂ ਆਖ਼ਰੀ ਦੋ ਗੇਂਦਾਂ ’ਤੇ ਚੌਕਾ ਅਤੇ ਛੱਕਾ ਜੜ ਕੇ ਟੀਮ ਦਾ ਸਕੋਰ 183 ਦੌੜਾਂ ਤੱਕ ਪਹੁੰਚਾਇਆ।

ਸ੍ਰੀਲੰਕਾ ਲਈ ਇਮੇਸ਼ਾ ਦੁਲਾਨੀ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ, ਜਦਕਿ ਕਪਤਾਨ ਅਟਾਪੱਟੂ ਨੇ 36 ਅਤੇ ਵਿਸ਼ਮੀ ਗੁਣਾਰਤਨੇ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੀਆਂ ਗੇਂਦਬਾਜ਼ਾਂ ਨੇ ਪੂਰੇ ਮੈਚ ਦੌਰਾਨ ਸ਼ਾਨਦਾਰ ਅਨੁਸ਼ਾਸਨ ਦਿਖਾਉਂਦੇ ਹੋਏ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਦਬਾਅ ਵਿੱਚ ਰੱਖਿਆ। ਸ੍ਰੀ ਚਰਨੀ ਨੇ 4 ਅਹਿਮ ਵਿਕਟਾਂ ਲਈਆਂ, ਜਦਕਿ ਦੀਪਤੀ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ। ਕ੍ਰਾਂਤੀ ਗੌੜ, ਪ੍ਰੇਮਾ ਰਾਵਤ ਅਤੇ ਸ਼ੈਫਾਲੀ ਵਰਮਾ ਨੇ 1-1 ਵਿਕਟ ਲੈ ਕੇ ਭਾਰਤ ਦੀ ਇਸ ਇਤਿਹਾਸਕ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।