- ਪੁਲਿਸ ਵੱਲੋਂ ਅੰਨ੍ਹਾ ਕਤਲ 6 ਘੰਟਿਆਂ ਦੇ ਅੰਦਰ ਟਰੇਸ, ਇੱਕ ਗ੍ਰਿਫਤਾਰ
- ਵਾਰਦਾਤ ਸਮੇਂ ਵਰਤਿਆ ਗਿਆ ਹਥਿਆਰ ਖੰਜਰ ਬ੍ਰਾਮਦ
ਸੰਗਰੂਰ, 15 ਸਤੰਬਰ 2026: (ਦੇਸ਼ ਕਲਿੱਕ ਬਿਊਰੋ): ਡਾ. ਰਵਜੋਤ ਗਰੇਵਾਲ IPS, ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਚੀਮਾਂ ਦੇ ਏਰੀਆ ਅੰਦਰ ਹੋਏ ਅੰਨ੍ਹਾ ਕਤਲ ਨੂੰ 06 ਘੰਟਿਆਂ ਦੇ ਅੰਦਰ ਟਰੇਸ ਕਰਕੇ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਹਥਿਆਰ ਖੰਜਰ ਬ੍ਰਾਮਦ ਕਰਵਾਇਆ ਗਿਆ।
ਡਾ. ਰਵਜੋਤ ਗਰੇਵਾਲ IPS, ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 13.09.2026 ਨੂੰ ਪਿੰਡ ਜਖੇਪਲ ਚੌਵਾਸ ਦੇ ਸਰਪੰਚ ਵੱਲੋ ਇਤਲਾਹ ਮਿਲੀ ਕਿ ਪਿੰਡ ਅਮਰੂ ਕੋਟੜਾ ਤੋ ਪਿੰਡ ਜਖੇਪਲ ਵੱਲ ਨੂੰ ਜਾਦੀ ਸੜਕ ਪਰ ਡਰੇਨ ਦੀ ਪਟੜੀ ਪਰ ਇੱਕ ਲਵਾਰਿਸ ਵਿਅਕਤੀ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ, ਜਿਸਨੂੰ ਤੇਜ ਥਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕੀਤਾ ਜਾਪਦਾ ਸੀ। ਜਿਸ ਪਰ ਮੁਕੱਦਮਾ ਨੰਬਰ 121 ਮਿਤੀ 13.09.2026 ਅ/ਧ 103(1) BNS ਥਾਣਾ ਚੀਮਾਂ ਬਰਖਿਲਾਫ ਨਾ ਮਲੂਮ ਵਿਅਕਤੀਆਂ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਮੁਕੱਦਮਾ ਉਕਤ ਨੂੰ ਟਰੇਸ ਕਰਨ ਲਈ ਸ੍ਰੀ ਸੁਖਅੰਮ੍ਰਿਤ ਸਿੰਘ ਪੀ.ਪੀ.ਐਸ, ਕਪਤਾਨ ਪੁਲਿਸ (ਸਥਾਨਕ) ਸੰਗਰੂਰ ਦੀ ਯੋਗ ਅਗਵਾਈ ਹੇਠ ਸ੍ਰੀ ਹਰਸਿਮਰਨ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਅਤੇ ਸ੍ਰੀ ਸੁਖਦੇਵ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਪੀ.ਬੀ.ਆਈ/ਐਨ.ਡੀ.ਪੀ.ਐਸ) ਸੰਗਰੂਰ ਵਾਧੂ ਚਾਰਜ ਸਬ ਡਵੀਜ਼ਨ ਸੁਨਾਮ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਸੰਗਰੂਰ ਅਤੇ ਸਬ ਇੰਸਪੈਕਟਰ ਯੋਗੇਸ਼ ਗਰਗ, ਮੁੱਖ ਅਫਸਰ ਥਾਣਾ ਚੀਮਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਵੱਲੋਂ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ 06 ਘੰਟਿਆਂ ਦੇ ਅੰਦਰ-ਅੰਦਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਮਨੀ ਪੁੱਤਰ ਸਦੀਵਨ ਸਿੰਘ ਵਾਸੀ ਹੰਬਲਵਾਸ ਜਖੇਪਲ ਨੂੰ ਟਰੇਸ ਕਰਕੇ ਮਿਤੀ 13.09.2026 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਹਥਿਆਰ ਖੰਜਰ ਬ੍ਰਾਮਦ ਕਰਵਾਇਆ ਗਿਆ।
ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇੰਨ੍ਹਾਂ ਦੋਨਾਂ ਧਿਰਾਂ ਦਾ ਮਿਤੀ 11.02.2026 ਨੂੰ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ। ਜਿਸ ਪਰ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਮਨੀ ਉਕਤ ਨੇ ਮ੍ਰਿਤਕ ਲਖਵਿੰਦਰ ਸਿੰਘ ਉਰਫ ਲੱਖਾ ਦੇ ਖਿਲਾਫ ਮੁਕੱਦਮਾ ਨੰਬਰ 10 ਮਿਤੀ 13.02.2026 ਅ/ਧ 118(1), 115(2), 351(2), 3(5) BNS ਥਾਣਾ ਧਰਮਗੜ੍ਹ ਦਰਜ ਰਜਿਸਟਰ ਕਰਵਾਇਆ ਸੀ। ਇਸ ਪੁਰਾਣੀ ਲੜਾਈ-ਝਗੜੇ ਦੀ ਰੰਜਿਸ਼ ਦੇ ਚੱਲਦਿਆਂ ਉਕਤ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸੀਆਂਨ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਦੋਸ਼ੀ ਦਾ ਨਾਮ/ਪਤਾ:
ਗੁਰਪ੍ਰੀਤ ਸਿੰਘ ਉਰਫ ਮਨੀ ਪੁੱਤਰ ਸਦੀਵਨ ਸਿੰਘ ਵਾਸੀ ਹੰਬਲਵਾਸ ਜਖੇਪਲ
ਗ੍ਰਿਫਤਾਰੀ ਮਿਤੀ: 13.09.2026
ਬ੍ਰਾਮਦਗੀ – ਹਥਿਆਰ ਖੰਜਰ







