2027 ਪੰਜਾਬ ਵਿਧਾਨ ਸਭਾ ਚੋਣਾਂ: MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ ਚੋਣ

Top Trending News ਪੰਜਾਬ
  • 2027 ਪੰਜਾਬ ਵਿਧਾਨ ਸਭਾ ਚੋਣਾਂ: MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ ਚੋਣ
  • ਮਨਪ੍ਰੀਤ ਅਯਾਲੀ ਨੇ ਕਿਹਾ- ਇੱਕ ਸੀਟ ਮਾਝਾ ਤੇ ਦੂਜੀ ਮਾਲਵਾ ਤੋਂ ਹੋ ਸਕਦੀ
  • ਧੂਰੀ ’ਚ CM ਭਗਵੰਤ ਮਾਨ ਨਾਲ ਮੁਕਾਬਲੇ ਦੀ ਵੀ ਚਰਚਾ

ਚੰਡੀਗੜ੍ਹ, 25 ਸਤੰਬਰ (ਦੇਸ਼ ਕਲਿੱਕ ਬਿਊਰੋ): 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਆਪਣੇ ਚੋਣ ਪਲਾਨ ਬਾਰੇ ਵੱਡਾ ਸੰਕੇਤ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਅਯਾਲੀ ਮੁਤਾਬਕ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜ ਸਕਦੇ ਹਨ। ਹਾਲਾਂਕਿ ਦੋਵੇਂ ਸੀਟਾਂ ਦੇ ਨਾਮ ਅਜੇ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਵੱਲੋਂ ਤੈਅ ਕੀਤੇ ਜਾਣੇ ਹਨ। ਅਯਾਲੀ ਮੁਤਾਬਕ ਇੱਕ ਸੀਟ ਮਾਝਾ ਅਤੇ ਦੂਜੀ ਮਾਲਵਾ ਖੇਤਰ ਤੋਂ ਹੋਣ ਦੀ ਸੰਭਾਵਨਾ ਹੈ। ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਚੋਣ ਲੜਨ ਦੀ ਵੀ ਚਰਚਾ ਹੈ, ਪਰ ਇਸ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ।

ਇਨ੍ਹਾਂ ਸੀਟਾਂ ’ਤੇ ਹੋ ਰਹੀ ਚਰਚਾ
ਪਾਰਟੀ ਅੰਦਰ ਅੰਮ੍ਰਿਤਪਾਲ ਸਿੰਘ ਲਈ ਖਡੂਰ ਸਾਹਿਬ, ਧੂਰੀ, ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਵਰਗੀਆਂ ਸੀਟਾਂ ’ਤੇ ਵਿਚਾਰ ਹੋਣ ਦੀਆਂ ਰਿਪੋਰਟਾਂ ਹਨ। ਪਾਰਟੀ ਦੇ ਬੁਲਾਰਿਆਂ ਨੇ ਪਹਿਲਾਂ ਵੀ ਕਿਹਾ ਸੀ ਕਿ ਅੰਮ੍ਰਿਤਪਾਲ ਇੱਕ ਦੀ ਬਜਾਏ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਸਕਦੇ ਹਨ। ਅੰਮ੍ਰਿਤਪਾਲ ਸਿੰਘ ਇਸ ਵੇਲੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਖਡੂਰ ਸਾਹਿਬ ਤੋਂ ਚੋਣ ਜਿੱਤੀ ਸੀ। ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਵਜੋਂ ਵੀ ਪੇਸ਼ ਕੀਤਾ ਗਿਆ ਹੈ।

2027 ਦੀਆਂ ਚੋਣਾਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਲਈ ਪਹਿਲੀ ਵੱਡੀ ਵਿਧਾਨ ਸਭਾ ਚੋਣ ਹੋਵੇਗੀ। ਪਾਰਟੀ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਮ ਵੀ ਐਲਾਨੇ ਜਾ ਰਹੇ ਹਨ।