ਪੰਜਾਬ ਵਿਜੀਲੈਂਸ ਵੱਲੋਂ ਲੇਡੀ SHO 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫ਼ਤਾਰ
ਫ਼ਿਰੋਜ਼ਪੁਰ, 27 ਸਤੰਬਰ 2026: ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜ਼ਪੁਰ ਨੇ ਰਿਸ਼ਵਤ ਦੇ ਮਾਮਲੇ ਵਿੱਚ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ (ਐੱਸਐੱਚਓ) ਇੰਸਪੈਕਟਰ ਸੁਨੀਤਾ ਰਾਣੀ ਅਤੇ ਪੁਲਿਸ ਹੈੱਡਕੁਆਰਟਰ ਗਾਰਡ (ਪੀ.ਐੱਚ.ਜੀ.) ਗੁਰਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵਿਜੀਲੈਂਸ ਅਨੁਸਾਰ ਨੂਰਪੁਰਾ ਹਕੀਮਾਂ ਵਾਸੀ ਰਾਜਵਿੰਦਰ ਸਿੰਘ ਨੂੰ ਇੱਕ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਧਮਕੀ ਦੇ ਕੇ ਪੀ.ਐੱਚ.ਜੀ. ਗੁਰਅਵਤਾਰ ਸਿੰਘ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਬਾਅਦ ਵਿੱਚ ਇਹ ਰਕਮ 80 ਹਜ਼ਾਰ ਰੁਪਏ ਵਿੱਚ ਤੈਅ ਹੋਈ। ਸ਼ਿਕਾਇਤਕਰਤਾ ਵੱਲੋਂ 20 ਹਜ਼ਾਰ ਰੁਪਏ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਨ।
ਵਿਜੀਲੈਂਸ ਨੂੰ ਰਿਸ਼ਵਤ ਦੀ ਬਾਕੀ ਰਕਮ ਸਬੰਧੀ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸੌਂਪੀ ਗਈ। ਇਸ ਤੋਂ ਬਾਅਦ ਇੰਸਪੈਕਟਰ ਜਗਨਦੀਪ ਕੌਰ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਦੀ ਟੀਮ ਨੇ ਕਾਰਵਾਈ ਕਰਦਿਆਂ ਗੁਰਅਵਤਾਰ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਕਥਿਤ ਤੌਰ ’ਤੇ ਰੰਗੇ ਹੱਥੀਂ ਕਾਬੂ ਕਰ ਲਿਆ।
ਵਿਜੀਲੈਂਸ ਮੁਤਾਬਕ ਮੁੱਢਲੀ ਪੁੱਛਗਿੱਛ ਤੋਂ ਬਾਅਦ ਐੱਸਐੱਚਓ ਸੁਨੀਤਾ ਰਾਣੀ ਨੂੰ ਵੀ ਰਿਸ਼ਵਤ ਦੀ ਰਕਮ ਹਾਸਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ ਅਤੇ ਵਿਜੀਲੈਂਸ ਵੱਲੋਂ ਰਿਸ਼ਵਤ ਦੀ ਰਕਮ ਅਤੇ ਇਸ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।







