ਖਾਲਿਸਤਾਨ ਮੁੱਦੇ ’ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ- ਕੱਟੜਵਾਦ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ
ਚੰਡੀਗੜ੍ਹ, 27 ਸਤੰਬਰ 2026- ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਵੱਡਾ ਬਿਆਨ ਦਿੱਤਾ ਹੈ। ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਕੱਟੜਵਾਦ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕੱਟੜਵਾਦ ਦੇ ਦੌਰ ਦੇ ਗੰਭੀਰ ਨਤੀਜੇ ਭੁਗਤ ਚੁੱਕਾ ਹੈ।
ਜਾਖੜ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਵਿਚਾਰਧਾਰਾ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਇਸ ਜਥੇਬੰਦੀ ਨਾਲ ਜੁੜੇ ਖਾਲਿਸਤਾਨੀ ਵਿਚਾਰਾਂ ਨੂੰ ਲੈ ਕੇ ਪੰਜਾਬ ਵਿੱਚ ਚਰਚਾ ਹੁੰਦੀ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਹੜੇ ਲੋਕ ਪਹਿਲਾਂ ਖਾਲਿਸਤਾਨ ਦੀ ਗੱਲ ਕਰਦੇ ਸਨ, ਉਹ ਹੁਣ ਬਦਲੇ ਹੋਏ ਨਜ਼ਰ ਆ ਰਹੇ ਹਨ।
MP ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ ਕਿ ਆਪਣੇ ਸਾਥੀ ਨੂੰ ਛੁਡਾਉਣ ਲਈ ਅਜਨਾਲਾ ਥਾਣੇ ਦੇ ਬਾਹਰ ਵੱਡੀ ਭੀੜ ਇਕੱਠੀ ਹੋਈ ਸੀ ਅਤੇ Police ’ਤੇ ਦਬਾਅ ਬਣਾਇਆ ਗਿਆ ਸੀ। ਉਨ੍ਹਾਂ ਇਸ ਘਟਨਾ ਨੂੰ ਕਾਨੂੰਨ-ਵਿਵਸਥਾ ਲਈ ਗੰਭੀਰ ਮਾਮਲਾ ਦੱਸਿਆ।
ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਲੋਕਾਂ ਨੂੰ ਭਾਵਨਾਤਮਕ ਮੁੱਦਿਆਂ ਰਾਹੀਂ ਪ੍ਰਭਾਵਿਤ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਜਿਹੀ ਕਿਸੇ ਵੀ ਵਿਚਾਰਧਾਰਾ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨਾਲ ਮੁੜ ਕੱਟੜਵਾਦ ਦਾ ਮਾਹੌਲ ਪੈਦਾ ਹੋਵੇ।







