- ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਾਰਟੀ ਨੀਤੀਆਂ ਅਤੇ ਸੰਗਤ ਨਾਲ ਰਾਬਤਾ ਤੇਜ ਕਰਦੇ ਹੋਏ ਮੁਹਾਲੀ ਵਿਖੇ ਪਾਰਟੀ ਦਫਤਰ ਦਾ ਸ਼ੁੱਭ ਆਰੰਭ
- ਪੰਜਾਬ ਪ੍ਰਸਤ ਅਤੇ ਪੰਥ ਦਰਦੀ ਸਖਸ਼ੀਅਤਾਂ ਨੂੰ ਜੱਥੇਬੰਦੀ ਨਾਲ ਜੁੜਨ ਦੀ ਅਪੀਲ
ਐੱਸ.ਏ.ਐੱਸ. ਨਗਰ (ਮੁਹਾਲੀ), 3 ਅਕਤੂਬਰ, (ਦੇਸ਼ ਕਲਿੱਕ ਬਿਊਰੋ): ਅਕਾਲੀ ਦਲ “ਵਾਰਿਸ ਪੰਜਾਬ ਦੇ” ਵਲੋਂ ਆਪਣੀਆਂ ਰਾਜਸੀ ਸਰਗਰਮੀਆਂ ਨੂੰ ਵਧਾਉਂਦੇ ਹੋਏ, ਪਾਰਟੀ ਨੀਤੀਆਂ ਅਤੇ ਪ੍ਰੋਗਰਾਮ ਨੂੰ ਸੰਗਤ ਤੱਕ ਲੈਕੇ ਜਾਣ ਦੇ ਮਕਸਦ ਹੇਠ ਅੱਜ ਮੁਹਾਲੀ ਵਿਖੇ ਪੁਆਧ ਇਕਾਈ ਲਈ ਦਫਤਰ ਦਾ ਸ਼ੁੱਭ ਆਰੰਭ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਸੰਗਤ ਦੇ ਜੈਕਾਰਿਆਂ ਦੀ ਗੂੰਜ ਹੇਠ ਦਫਤਰ ਨੂੰ ਸੰਗਤ ਲਈ ਖੋਲਿਆ ਗਿਆ। ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਦਫਤਰ ਦੀ ਸ਼ੁਰੂਆਤ ਦਾ ਸ਼ੁੱਭ ਆਰੰਭ ਹੋਇਆ।
ਇਸ ਮੌਕੇ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਸਮੁੱਚੀ ਲੀਡਰਸ਼ਿਪ ਨੂੰ ਨਵੇਂ ਦਫ਼ਤਰ ਦੀ ਵਧਾਈ ਦਿੰਦੇ ਕਿਹਾ ਕਿ, ਅੱਜ ਸਮੁੱਚੀ ਲੀਡਰਸ਼ਿਪ ਸਮੇਤ ਵਰਕਰ ਸਾਹਿਬਾਨ ਦੀਆਂ ਜ਼ਿੰਮੇਵਾਰੀ ਅਤੇ ਸੇਵਾਵਾਂ ਵਧ ਗਈਆਂ ਹਨ। ਓਹਨਾ ਕਿਹਾ ਕਿ ਅੱਜ ਸਮੁੱਚਾ ਪੰਥ ਅਤੇ ਪੰਜਾਬ ਆਪਣੀ ਖੇਤਰੀ ਪਾਰਟੀ ਵੱਲ ਇੱਕ ਆਸ ਨਾਲ ਵੇਖ ਰਿਹਾ ਹੈ। ਨੌਜਵਾਨ ਸ਼ਕਤੀ ਨੂੰ ਸੰਬੋਧਨ ਹੁੰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਅੱਜ ਵੱਡੀ ਗਿਣਤੀ ਵਿੱਚ ਪੰਜਾਬ ਦਾ ਨੌਜਵਾਨ ਵਾਰਿਸ ਪੰਜਾਬ ਦੇ ਨਾਲ ਜੁੜ ਰਿਹਾ ਹੈ। ਪਿਛਲੇ ਸਮੇਂ ਹੋਈਆਂ ਦੋ ਵੱਡੀਆਂ ਕਾਨਫਰੰਸਾਂ ਵਿੱਚ ਹੋਏ ਬੇਮਿਸਾਲ ਇਕੱਠ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ, ਪੰਜਾਬ ਪ੍ਰਸਤ ਲੋਕ ਅਤੇ ਪੰਥ ਦਰਦੀ ਆਪਣੀ ਸਰਕਾਰ ਬਣਾਉਣ ਜਾ ਰਹੇ ਹਨ।
ਇਸ ਮੌਕੇ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਪੂਰੇ ਪੰਜਾਬ ਭਰ ਤੋਂ ਮਿਲ ਰਿਹਾ ਹੁੰਗਾਰਾ, ਸਾਬਿਤ ਕਰਦਾ ਹੈ ਕਿ ਪੰਜਾਬ ਆਪਣਾ ਰਸਤਾ ਚੁਣ ਚੁੱਕਾ ਹੈ। ਓਹਨਾਂ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਪੂਰੀ ਤਰਾਂ ਨਕਾਰ ਚੁੱਕੇ ਹਨ। ਪੰਜਾਬ ਦੇ ਲੋਕ ਜਵਾਬਦੇਹੀ ਵਾਲੀ ਸਰਕਾਰ ਚੁਣਨਾ ਚਾਹੁੰਦੇ ਹਨ, ਜਿਹੜੀ ਸਰਕਾਰ ਪੰਜਾਬ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਹੱਲ ਕਰਨ ਦੇ ਸਮਰੱਥ ਹੋਵੇ।
ਫਰੀਦਕੋਟ ਤੋਂ ਮੈਬਰ ਪਾਰਲੀਮੈਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ, ਅੱਜ ਸਮੁੱਚੀ ਪੰਥਕ ਸ਼ਕਤੀ ਇਕਜੁਟ ਹੋ ਰਹੀ ਹੈ। ਸਮੁੱਚੀਆਂ ਪੰਥਕ ਸ਼ਖਸ਼ੀਅਤਾਂ ਅਤੇ ਪੰਥ ਦਰਦੀ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਹਿੱਸਾ ਬਣ ਰਹੇ ਹਨ। ਓਹਨਾ ਕਿਹਾ ਕਿ, ਅੱਜ ਲੋੜ ਹੈ ਆਪਣੀ ਸਰਕਾਰ ਨੂੰ ਚੁਣਿਆ ਜਾਵੇ, ਜਿਹੜੀ ਸਰਕਾਰ ਪੰਜਾਬ ਅਤੇ ਪੰਥ ਦੀ ਗੱਲ ਕਰਦੀ ਹੋਵੇ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਸਮਰੱਥ ਹੋਵੇ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਕਾਬਿਲ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਤਾਂ ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਜਗਦੀਪ ਸਿੰਘ ਕੰਸਾਲਾ ਨੇ ਵਿਸ਼ਵਾਸ ਦਿਵਾਇਆ ਕਿ ਦਫਤਰ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਹੋਏ ਪਾਰਟੀ ਨੀਤੀਆਂ ਨੂੰ ਘਰ ਘਰ ਤੱਕ ਲਿਜਾਣ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ।
ਇਸ ਮੌਕੇ ਕਾਬਲ ਸਿੰਘ (ਕਨਵੀਨਰ ਪਾਰਲੀਮੈਂਟਰੀ ਬੋਰਡ), ਬਾਬੂ ਸਿੰਘ ਬਰਾੜ (ਮੈਂਬਰ ਪਾਰਲੀਮੈਂਟਰੀ ਬੋਰਡ), ਸੁਖਵਿੰਦਰ ਸਿੰਘ ਅਗਵਾਨ (ਮੈਂਬਰ ਪਾਰਲੀਮੈਂਟਰੀ ਬੋਰਡ), ਪਰਗਟ ਸਿੰਘ ਸੰਧੂ (ਮੈਂਬਰ ਪਾਰਲੀਮੈਂਟਰੀ ਬੋਰਡ), ਅਮਰਜੀਤ ਸਿੰਘ ਵੰਨਚਿੜੀ (ਮੈਂਬਰ ਪੰਚ ਪ੍ਰਧਾਨੀ), ਹਰਪ੍ਰੀਤ ਕੌਰ (ਪ੍ਰਧਾਨ ਮਹਿਲਾ ਵਿੰਗ), ਜਗਦੀਪ ਸਿੰਘ ਕੰਸਾਲਾ (ਜ਼ਿਲ੍ਹਾ ਪ੍ਰਧਾਨ ਮੋਹਾਲੀ), ਦਲੇਰ ਸਿੰਘ ਡੋਡ (ਮੈਂਬਰ ਪੀ.ਏ.ਸੀ.), ਸੰਦੀਪ ਸਿੰਘ ਰੁਪਾਲੋਂ (ਬੁਲਾਰਾ), ਕਰਨਵੀਰ ਸਿੰਘ ਫ਼ਿਰੋਜ਼ਪੁਰ, ਸ਼ਮਸ਼ੇਰ ਸਿੰਘ ਪਧਰੀ (ਮੀਡੀਆ ਇੰਚਾਰਜ), ਹਰਜਿੰਦਰ ਸਿੰਘ ਦੇਸੁਮਾਜਰਾ (ਜ਼ਿਲ੍ਹਾ ਯੂਥ ਪ੍ਰਧਾਨ), ਜਸਵਿੰਦਰ ਸਿੰਘ ਡਰੋਲੀ (ਜ਼ਿਲ੍ਹਾ ਪ੍ਰਧਾਨ ਪਟਿਆਲਾ), ਨਿਰਮੈਲ ਸਿੰਘ ਜੌਲਾ (ਮੈਂਬਰ ਐੱਸ.ਜੀ.ਪੀ.ਸੀ.), ਗੁਰਪ੍ਰੀਤ ਸਿੰਘ ਭੱਟੀ, ਸਰਬਜੀਤ ਸਿੰਘ ਬੈਂਸ (ਕੋਆਰਡੀਨੇਟਰ ਰੋਪੜ), ਹਰਜਿੰਦਰ ਸਿੰਘ ਮੁਧੋ ਅਤੇ ਗੁਰਮੀਤ ਸਿੰਘ ਸ਼ਾਂਟੂ ਸਮੇਤ ਪੁਆਧ ਤੋਂ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ।







