ਖਡੂਰ ਸਾਹਿਬ ’ਚ ਭੇਦਭਰੇ ਹਾਲਾਤਾਂ ’ਚ ਨੌਜਵਾਨ ਦੀ ਲਾਸ਼ ਮਿਲੀ

Top Trending News ਪੰਜਾਬ

 

ਖਡੂਰ ਸਾਹਿਬ ’ਚ ਭੇਦਭਰੇ ਹਾਲਾਤਾਂ ’ਚ ਨੌਜਵਾਨ ਦੀ ਲਾਸ਼ ਮਿਲੀ, ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ

ਖਡੂਰ ਸਾਹਿਬ

ਖਡੂਰ ਸਾਹਿਬ ਵਿੱਚ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਕਰਨਜੀਤ ਸਿੰਘ ਪੁੱਤਰ ਸਕੱਤਰ ਸਿੰਘ, ਵਾਸੀ ਪਿੰਡ ਨਾਗੋਕੇ ਵਜੋਂ ਹੋਈ ਹੈ। ਪਰਿਵਾਰ ਨੇ ਨੌਜਵਾਨ ਦੀ ਮੌਤ ਨੂੰ ਲੈ ਕੇ ਕਤਲ ਦਾ ਖਦਸ਼ਾ ਜਤਾਉਂਦਿਆਂ ਪੁਲਿਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ ਦੀ ਮੰਗ ਕੀਤੀ ਹੈ।

ਮ੍ਰਿਤਕ ਦੇ ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਕਰਨਜੀਤ ਸਿੰਘ ਡਰਾਈਵਰੀ ਦਾ ਕੰਮ ਕਰਦਾ ਸੀ। ਉਨ੍ਹਾਂ ਮੁਤਾਬਕ ਸਰਤਾਜ ਨਾਮਕ ਨੌਜਵਾਨ ਉਸਨੂੰ ਘਰੋਂ ਬੁਲਾ ਕੇ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਕੁਝ ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਨੀਲੇ ਡਰੰਮ ਬਾਰੇ ਪੁੱਛਗਿੱਛ ਕੀਤੀ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਆਇਆ ਦੱਸਿਆ।

ਪਰਿਵਾਰ ਅਨੁਸਾਰ ਬਾਅਦ ਵਿੱਚ ਲਵ ਨਾਮਕ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਕਰਨਜੀਤ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸਨੂੰ ਸਕੂਲ ਨੇੜੇ ਛੱਡ ਦਿੱਤਾ ਗਿਆ ਹੈ। ਮੌਕੇ ’ਤੇ ਪਹੁੰਚਣ ’ਤੇ ਨੌਜਵਾਨ ਮ੍ਰਿਤਕ ਹਾਲਤ ਵਿੱਚ ਸੜਕ ਕਿਨਾਰੇ ਮਿਲਿਆ। ਪਰਿਵਾਰ ਨੇ ਉਸਦੇ ਸਰੀਰ ’ਤੇ ਕਥਿਤ ਕੁੱਟਮਾਰ ਦੇ ਨਿਸ਼ਾਨ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।