- ਨਾਇਰਾ ਐਨਰਜੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ
ਚੰਡੀਗੜ੍ਹ, 3 ਅਕਤੂਬਰ (ਦੇਸ਼ ਕਲਿੱਕ ਬਿਊਰੋ): ਨਾਇਰਾ ਐਨਰਜੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਪੈਟਰੋਲ ਦੇ ਰੇਟ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਸ਼ਨੀਵਾਰ ਸਵੇਰ ਤੋਂ ਲਾਗੂ ਹੋ ਗਈਆਂ ਹਨ। ਵਾਧੇ ਤੋਂ ਬਾਅਦ ਭੋਪਾਲ ਵਿੱਚ ਨਾਇਰਾ ਦੇ ਪੰਪਾਂ ’ਤੇ ਪੈਟਰੋਲ 119.54 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 102.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕੰਪਨੀ ਮੁਤਾਬਕ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਰਿਟੇਲ ਕੀਮਤਾਂ ਅਤੇ ਵਧਦੀ ਲਾਗਤ ਵਿਚਲੇ ਫਰਕ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਮਾਰਚ ਵਿੱਚ ਵੀ ਵਧਾਏ ਸਨ ਰੇਟ
ਇਸ ਸਾਲ ਮਾਰਚ ਵਿੱਚ ਇਰਾਨ ਸੰਘਰਸ਼ ਕਾਰਨ ਗਲੋਬਲ ਊਰਜਾ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਨਾਇਰਾ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਮਹਿੰਗਾ ਕੀਤਾ ਸੀ। ਹਾਲਾਂਕਿ, ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਉਣ ਮਗਰੋਂ ਕੰਪਨੀ ਨੇ 1 ਜੁਲਾਈ ਨੂੰ ਇਹ ਵਾਧਾ ਵਾਪਸ ਲੈਂਦਿਆਂ ਦੋਵੇਂ ਈਂਧਨਾਂ ਦੀਆਂ ਕੀਮਤਾਂ ਵਿੱਚ ਕ੍ਰਮਵਾਰ 5 ਅਤੇ 3 ਰੁਪਏ ਦੀ ਕਟੌਤੀ ਕੀਤੀ ਸੀ।
ਸਰਕਾਰੀ ਕੰਪਨੀਆਂ ਨੇ ਨਹੀਂ ਬਦਲੇ ਰੇਟ
ਫਿਲਹਾਲ ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ (HPCL) ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਰਿਲਾਇੰਸ ਦੀ ਜਿਓ-ਬੀਪੀ ਵੱਲੋਂ ਵੀ ਅਜੇ ਰੇਟਾਂ ਵਿੱਚ ਤਬਦੀਲੀ ਨਹੀਂ ਕੀਤੀ ਗਈ। ਰੇਟਿੰਗ ਏਜੰਸੀ ICRA ਦੀ ਰਿਪੋਰਟ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਰਿਟੇਲ ਰੇਟ ਸਥਿਰ ਰਹਿਣ ਕਾਰਨ ਸਰਕਾਰੀ ਤੇਲ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ। ICRA ਦੇ ਅਨੁਮਾਨ ਅਨੁਸਾਰ ਪੈਟਰੋਲ ’ਤੇ ਕਰੀਬ 8 ਰੁਪਏ ਅਤੇ ਡੀਜ਼ਲ ’ਤੇ 9 ਰੁਪਏ ਪ੍ਰਤੀ ਲੀਟਰ ਦਾ ਮਾਰਜਿਨ ਨੁਕਸਾਨ ਹੋ ਰਿਹਾ ਹੈ। ਪੈਟਰੋਲ, ਡੀਜ਼ਲ ਅਤੇ LPG ਨੂੰ ਮਿਲਾ ਕੇ ਰੋਜ਼ਾਨਾ ਕਰੀਬ 530 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ।
ਮਈ ਵਿੱਚ ਸਰਕਾਰੀ ਕੰਪਨੀਆਂ ਨੇ ਵਧਾਏ ਸਨ ਰੇਟ
ਇਸ ਸਾਲ ਮਈ ਵਿੱਚ IOC, BPCL ਅਤੇ HPCL ਨੇ ਕੌਮਾਂਤਰੀ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਦਾ ਹਵਾਲਾ ਦਿੰਦਿਆਂ ਪੜਾਅਵਾਰ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਕੁੱਲ 7.50-7.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।







