ਛਿੰਜ ਮੇਲੇ ’ਚ ਵਿਧਾਇਕਾ ਇੰਦਰਜੀਤ ਕੌਰ ਮਾਨ ਤੇ ਗਾਇਕ ਰਮੀ ਰੰਧਾਵਾ ਵਿਚਾਲੇ ਤਕਰਾਰ

Top Trending News ਪੰਜਾਬ ਮਨੋਰੰਜਨ
  • ਛਿੰਜ ਮੇਲੇ ’ਚ ਵਿਧਾਇਕਾ ਇੰਦਰਜੀਤ ਕੌਰ ਮਾਨ ਤੇ ਗਾਇਕ ਰਮੀ ਰੰਧਾਵਾ ਵਿਚਾਲੇ ਤਕਰਾਰ

ਚੰਡੀਗੜ੍ਹ, 4 ਅਕਤੂਬਰ (ਦੇਸ਼ ਕਲਿੱਕ ਬਿਊਰੋ): ਜਲੰਧਰ ਦੇ ਪਿੰਡ ਉੱਪਲ ਖਾਲਸਾ ਵਿੱਚ ਕਰਵਾਏ ਗਏ ਛਿੰਜ ਮੇਲੇ ਦੌਰਾਨ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਅਤੇ ਪੰਜਾਬੀ ਗਾਇਕ ਰਮੀ ਰੰਧਾਵਾ ਵਿਚਾਲੇ ਤਕਰਾਰ ਹੋ ਗਈ। ਗਾਇਕ ਦੇ ਗੀਤ ਦੀਆਂ ਕੁਝ ਲਾਈਨਾਂ ’ਤੇ ਇਤਰਾਜ਼ ਜਤਾਉਂਦਿਆਂ ਵਿਧਾਇਕਾ ਨੇ ਸਟੇਜ ਤੋਂ ਇਸ ਨੂੰ ਔਰਤਾਂ ਦਾ ਅਪਮਾਨ ਕਰਾਰ ਦਿੱਤਾ।

ਗੀਤ ਤੋਂ ਬਾਅਦ ਮਾਈਕ ਸੰਭਾਲਦਿਆਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਗੀਤ ਵਿੱਚ ਵਰਤੀ ਗਈ ਲਾਈਨ ‘ਮਰਦਾਂ ਦੇ ਭੇਸ ਵਿੱਚ ਬਲਿਆ ਓਹ ਬੰਦੇ ਹੁੰਦੇ ਨੇ ਜਨਾਨੀਆਂ’ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ ਅਤੇ ਅਜਿਹੇ ਬੋਲ ਉਨ੍ਹਾਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਗਾਇਕ ਨੂੰ ਕਿਹਾ ਕਿ ਉਹ ਅਜੇ ਛੋਟੇ ਹਨ ਅਤੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣਾ ਹੈ। ਨਾਲ ਹੀ ਉਨ੍ਹਾਂ ਗੀਤ ਵਿੱਚੋਂ ਇਨ੍ਹਾਂ ਲਾਈਨਾਂ ਨੂੰ ਬਦਲਣ ਦੀ ਸਲਾਹ ਦਿੱਤੀ।

ਇਸ ’ਤੇ ਰਮੀ ਰੰਧਾਵਾ ਨੇ ਕਿਹਾ ਕਿ ਵਿਧਾਇਕਾ ਉਨ੍ਹਾਂ ਦੀ ਆਗੂ ਹਨ ਅਤੇ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ, ਪਰ ਆਪਣੀ ਰਾਇ ਸਟੇਜ ਤੋਂ ਦੇਣ ਦੀ ਬਜਾਏ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਵੀ ਸਮਝਾਇਆ ਜਾ ਸਕਦਾ ਸੀ। ਗਾਇਕ ਨੇ ਕਿਹਾ ਕਿ ਇਸ ਤਰ੍ਹਾਂ ਜਨਤਕ ਮੰਚ ਤੋਂ ਉਨ੍ਹਾਂ ਨੂੰ ਨਕਾਰਾਤਮਕ ਤਰੀਕੇ ਨਾਲ ਪੇਸ਼ ਨਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ ਅਤੇ ਉਨ੍ਹਾਂ ਦੇ ਗੀਤਾਂ ਸਬੰਧੀ ਪਹਿਲਾਂ ਵੀ 26 ਮਾਮਲੇ ਦਰਜ ਹੋ ਚੁੱਕੇ ਹਨ।

ਵਿਵਾਦ ਵਧਣ ਮਗਰੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸੇ ਗੱਲ ਨਾਲ ਗਾਇਕ ਨੂੰ ਬੁਰਾ ਲੱਗਿਆ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਗੀਤਾਂ ਨੂੰ ਲੈ ਕੇ ਇਹ ਉਨ੍ਹਾਂ ਦੀ ਨਿੱਜੀ ਰਾਇ ਸੀ ਅਤੇ ਉਹ ਗਾਇਕ ਨੂੰ ਆਪਣੇ ਬੱਚਿਆਂ ਵਾਂਗ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।