ਮੈਡ ਸੰਧੂ ਦੇ ਕਤਲ ਮਗਰੋਂ ਇੱਕ ਹੋਰ ਇੰਫਲੂਐਂਸਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Top Trending News ਪੰਜਾਬ
  • ਮੈਡ ਸੰਧੂ ਦੇ ਕਤਲ ਮਗਰੋਂ ਇੱਕ ਹੋਰ ਇੰਫਲੂਐਂਸਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
  • ਧਮਕੀ ਤੋਂ ਬਾਅਦ ਅਰੁਪ੍ਰੀਤ ਨੇ ਨਾਮ ਬਦਲ ਕੇ ਅਰਸ਼ਦੀਪ ਕੀਤਾ
  • ਇੰਸਟਾਗ੍ਰਾਮ ਅਕਾਊਂਟ ਵੀ ਕੀਤਾ ਪ੍ਰਾਈਵੇਟ

ਅੰਮ੍ਰਿਤਸਰ, 4 ਅਕਤੂਬਰ (ਦੇਸ਼ ਕਲਿੱਕ ਬਿਊਰੋ): ਅੰਮ੍ਰਿਤਸਰ ’ਚ ਇੰਫਲੂਐਂਸਰ ਮੈਡ ਸੰਧੂ (29) ਦੇ ਕਤਲ ਤੋਂ ਬਾਅਦ ਇੱਕ ਹੋਰ ਇੰਫਲੂਐਂਸਰ ਅਰੁਪ੍ਰੀਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੈਂਗਸਟਰ ਲੱਕੀ ਜੌਹਲ ਸਪੇਨ ਨੇ ਸੋਸ਼ਲ ਮੀਡੀਆ ’ਤੇ ਮੈਡ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਦਿਆਂ ਅਗਲਾ ਨਿਸ਼ਾਨਾ ਅਰੁਪ੍ਰੀਤ ਨੂੰ ਦੱਸਿਆ ਹੈ। ਧਮਕੀ ਤੋਂ ਬਾਅਦ ਅਰੁਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦਾ ਨਾਮ ਬਦਲ ਕੇ ਅਰਸ਼ਦੀਪ ਕਰ ਲਿਆ ਅਤੇ ਅਕਾਊਂਟ ਪ੍ਰਾਈਵੇਟ ਕਰ ਦਿੱਤਾ। ਅਰੁਪ੍ਰੀਤ ਵੀ ਮੈਡ ਸੰਧੂ ਵਾਂਗ ਇੰਸਟਾਗ੍ਰਾਮ ’ਤੇ ਰੀਲਾਂ ਸਾਂਝੀਆਂ ਕਰਦਾ ਹੈ।

ਮੈਡ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਨੂੰ ਲੈ ਕੇ ਦੋ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਦਾਅਵੇ ਕੀਤੇ ਗਏ ਹਨ। ਪਹਿਲਾਂ ਗੈਂਗਸਟਰ ਗੋਲਡੀ ਢਿੱਲੋਂ ਵੱਲੋਂ ਪੋਸਟ ਕੀਤੀ ਗਈ ਸੀ, ਜਿਸ ਤੋਂ ਬਾਅਦ ਲੱਕੀ ਜੌਹਲ ਸਪੇਨ ਨੇ ਮੈਡ ਸੰਧੂ ਨੂੰ ਮਰਵਾਉਣ ਦਾ ਦਾਅਵਾ ਕੀਤਾ। ਮੈਡ ਸੰਧੂ ਦੀ ਸ਼ਨੀਵਾਰ ਸ਼ਾਮ ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਤਿੰਨ ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿੱਚੋਂ ਦੋ ਆਰ-ਪਾਰ ਹੋ ਗਈਆਂ ਸਨ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਹੈ ਕਿ ਸ਼ੂਟਰਾਂ ਬਾਰੇ ਪੁਲਿਸ ਨੂੰ ਅਹਿਮ ਜਾਣਕਾਰੀ ਮਿਲ ਚੁੱਕੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਕਤਲ ਤੋਂ ਪਹਿਲਾਂ ਮੈਡ ਸੰਧੂ ਨੇ ਇੰਸਟਾਗ੍ਰਾਮ ’ਤੇ ਪੰਜਾਬੀ ਗਾਇਕ ਜੀ ਖਾਨ ਦਾ ਗੀਤ ਲਗਾ ਕੇ ਆਪਣੀ ਆਖਰੀ ਰੀਲ ਵੀ ਸਾਂਝੀ ਕੀਤੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੈਡ ਸੰਧੂ ਆਪਣੀ ਕਾਰ ਧਵਾਉਣ ਗਿਆ ਸੀ ਜਦੋਂ ਉਸ ‘ਤੇ ਹਮਲਾ ਹੋਇਆ। ਉਹ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਸਬ-ਇੰਸਪੈਕਟਰ ਦਾ ਪੁੱਤਰ ਸੀ। ਉਸਦਾ ਘਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧਿਕਾਰ ਖੇਤਰ ਅਧੀਨ ਇੱਕ ਰਿਹਾਇਸ਼ੀ ਕਲੋਨੀ ਵਿੱਚ ਸਥਿਤ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਮਾਮਲੇ ਵਿੱਚ ਠੋਸ ਸੁਰਾਗ ਮਿਲੇ ਹਨ। ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਮਲਾਵਰਾਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਇੱਕ ਪੁਲਿਸ ਟੀਮ ਬਣਾਈ ਗਈ ਹੈ।