ਵੱਡੀ ਖ਼ਬਰ: ਅੰਤਿਮ ਸਸਕਾਰ ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਬੱਸ ਪਲਟੀ, 4 ਔਰਤਾਂ ਦੀ ਮੌਤ; 30 ਜ਼ਖ਼ਮੀ
ਤੇਲੰਗਾਨਾ, 4 ਅਕਤੂਬਰ 2026
ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਨਿੱਜੀ ਬੱਸ ਪਲਟਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਚਾਰ ਔਰਤਾਂ ਦੀ ਮੌਤ ਹੋ ਗਈ, ਜਦਕਿ ਕਰੀਬ 30 ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਹਾਦਸਾ ਧਾਰੂਰ ਥਾਣਾ ਖੇਤਰ ਵਿੱਚ ਵਾਪਰਿਆ। ਬੱਸ ਵਿੱਚ ਕਰੀਬ 47 ਲੋਕ ਸਵਾਰ ਸਨ।
ਜਾਣਕਾਰੀ ਅਨੁਸਾਰ ਵਿਕਾਰਾਬਾਦ ਜ਼ਿਲ੍ਹੇ ਦੇ ਕੇਸਰਮ ਪਿੰਡ ਦੇ ਵਸਨੀਕਾਂ ਨੇ ਚਿੰਤਾਕੁੰਟਾ ਵਿੱਚ ਇੱਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਨਿੱਜੀ ਬੱਸ ਕਿਰਾਏ ’ਤੇ ਲਈ ਸੀ। ਰਸਤੇ ਵਿੱਚ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਕਈ ਯਾਤਰੀ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਚਾਰ ਔਰਤਾਂ ਦੀ ਮੌਕੇ ’ਤੇ ਜਾਂ ਇਲਾਜ ਦੌਰਾਨ ਮੌਤ ਹੋ ਗਈ।
ਜ਼ਖ਼ਮੀਆਂ ਨੂੰ ਤੁਰੰਤ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਅਨੁਸਾਰ ਜ਼ਿਆਦਾਤਰ ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਦੋ-ਇੱਕ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਵਿਕਾਰਾਬਾਦ ਦੀ ਪੁਲਿਸ ਸੁਪਰਡੈਂਟ ਸਨੇਹਾ ਮਹਿਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਮੋਟਰ ਵਹੀਕਲ ਇੰਸਪੈਕਟਰ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਫਰਾਰ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਾਦਸੇ ਦੇ ਕਾਰਨਾਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।







