ਆਸਟਰੇਲੀਆ: ਪੰਜਾਬੀ ਕੇਲਾ ਕਾਸ਼ਤਕਾਰਾਂ ’ਤੇ ਸੰਕਟ, ਕੋਲਜ਼ ਵੱਲੋਂ ਸਥਾਨਕ ਉਪਜ ਖ਼ਰੀਦਣ ਤੋਂ ਇਨਕਾਰ

Top Trending News ਕੌਮਾਂਤਰੀ

 

ਆਸਟਰੇਲੀਆ: ਪੰਜਾਬੀ ਕੇਲਾ ਕਾਸ਼ਤਕਾਰਾਂ ’ਤੇ ਸੰਕਟ, ਕੋਲਜ਼ ਵੱਲੋਂ ਸਥਾਨਕ ਉਪਜ ਖ਼ਰੀਦਣ ਤੋਂ ਇਨਕਾਰ

ਸਿਡਨੀ, 5 ਅਕਤੂਬਰ 2026

ਆਸਟਰੇਲੀਆ ਦਾ ਵੱਲਗੂਲਗਾ ਇਲਾਕਾ ਪੰਜਾਬੀ ਕਿਸਾਨਾਂ ਦੀ ਵੱਡੀ ਵਸੋਂ ਅਤੇ ਖੇਤੀਬਾੜੀ ਨਾਲ ਜੁੜੇ ਯੋਗਦਾਨ ਕਾਰਨ ‘ਪੰਜਾਬੀਆਂ ਦੇ ਪਿੰਡ’ ਵਜੋਂ ਜਾਣਿਆ ਜਾਂਦਾ ਹੈ। ਹੁਣ ਇੱਥੋਂ ਦੇ ਸੈਂਕੜੇ ਕਿਸਾਨ ਪਰਿਵਾਰਾਂ ਸਾਹਮਣੇ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਆਸਟਰੇਲੀਆ ਦੀ ਪ੍ਰਮੁੱਖ ਸੁਪਰਮਾਰਕੀਟ ਲੜੀ ਕੋਲਜ਼ ਨੇ ਵੱਲਗੂਲਗਾ-ਕੋਫਸ ਹਾਰਬਰ ਖੇਤਰ ਤੋਂ ਕੇਲੇ, ਖੀਰੇ, ਕੱਦੂ ਸਮੇਤ ਕਈ ਫਲਾਂ ਅਤੇ ਸਬਜ਼ੀਆਂ ਦੀ ਖ਼ਰੀਦ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਖੇਤਰ ਵਿੱਚ ਕੇਲਾ ਕਾਸ਼ਤਕਾਰਾਂ ਵਿੱਚ ਪੰਜਾਬੀ ਕਿਸਾਨਾਂ ਦੀ ਵੱਡੀ ਹਿੱਸੇਦਾਰੀ ਹੈ। ਕੋਲਜ਼ ਹੁਣ ਕੇਲੇ ਅਤੇ ਹੋਰ ਉਪਜ ਉੱਤਰੀ ਕੁਈਨਜ਼ਲੈਂਡ ਤੋਂ ਮੰਗਵਾਉਣ ਦੀ ਯੋਜਨਾ ਬਣਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲਗਭਗ 1,600 ਕਿਲੋਮੀਟਰ ਦੂਰੋਂ ਉਪਜ ਲਿਆਉਣ ਦੀ ਬਜਾਏ ਕੁਝ ਕਿਲੋਮੀਟਰ ਦੂਰ ਸਥਿਤ ਸਥਾਨਕ ਖੇਤਾਂ ਤੋਂ ਖ਼ਰੀਦ ਕੀਤੀ ਜਾਣੀ ਚਾਹੀਦੀ ਹੈ। ਕੋਲਜ਼ ਦਾ ਤਰਕ ਹੈ ਕਿ ਦੂਜੇ ਸੂਬੇ ਤੋਂ ਮਿਲਣ ਵਾਲੀ ਉਪਜ ਘੱਟ ਕੀਮਤ ’ਤੇ ਪੈਂਦੀ ਹੈ।

ਕੋਫਸ ਹਾਰਬਰ ਤੋਂ ਸੰਸਦ ਮੈਂਬਰ ਗੁਰਮੇਸ਼ ਸਿੰਘ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ‘ਸੇਵ ਕੋਫਸ ਬਨਾਨਾਜ਼’ ਮੁਹਿੰਮ ਤਹਿਤ ਹੁਣ ਤੱਕ 17 ਹਜ਼ਾਰ ਤੋਂ ਵੱਧ ਦਸਤਖ਼ਤ ਇਕੱਠੇ ਕੀਤੇ ਜਾ ਚੁੱਕੇ ਹਨ।