ਗਾਹਕ ਬਣ ਕੇ ਆਏ 2 ਬਦਮਾਸ਼ਾਂ ਨੇ ਐਗਰੋ ਸਰਵਿਸ ’ਚ ਕੀਤੀ ਲੁੱਟ
ਮਾਲਕ ਨਾਲ ਹੱਥੋਪਾਈ ਦੌਰਾਨ ਹੋਇਆ ਜ਼ਖ਼ਮੀ; ਮੋਬਾਈਲ ਤੇ 5 ਹਜ਼ਾਰ ਰੁਪਏ ਲੈ ਕੇ ਫਰਾਰ, CCTV ’ਚ ਕੈਦ ਹੋਈ ਵਾਰਦਾਤ
ਲੁਧਿਆਣਾ, 5 ਅਕਤੂਬਰ 2026: ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ’ਤੇ ਖੇੜੀ ਲਲਤੋਂ ਚੌਂਕ ਨੇੜੇ ਸਥਿਤ ‘ਸ਼ਾਰਦਾ ਐਗਰੋ ਸਰਵਿਸ’ ’ਚ ਦੋ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਵੇਂ ਮੁਲਜ਼ਮ ਗਾਹਕ ਬਣ ਕੇ ਸ਼ੋਅਰੂਮ ’ਚ ਦਾਖਲ ਹੋਏ ਅਤੇ ਮੌਕਾ ਮਿਲਦਿਆਂ ਲੁੱਟ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਸ਼ੋਅਰੂਮ ਦੇ ਮਾਲਕ ਡਾ. ਮਹਿੰਦਰ ਕੁਮਾਰ ਸ਼ਾਰਦਾ ਨਾਲ ਹੱਥੋਪਾਈ ਹੋ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਡਾ. ਸ਼ਾਰਦਾ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਦੱਸੇ ਜਾਂਦੇ ਹਨ। ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।
ਲੁਟੇਰੇ ਜਾਂਦੇ ਸਮੇਂ ਇੱਕ ਮੋਬਾਈਲ ਫੋਨ ਅਤੇ ਕਰੀਬ 5 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਦੀ ਪੂਰੀ ਵਾਰਦਾਤ ਸ਼ੋਅਰੂਮ ’ਚ ਲੱਗੇ CCTV ਕੈਮਰਿਆਂ ’ਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ CCTV ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।







