ਪੰਜਾਬ ਕੈਬਨਿਟ ਦੇ ਵੱਡੇ ਫੈਸਲੇ: ਮੁੱਖ ਚੋਣ ਦਫ਼ਤਰ ’ਚ 19 ਨਵੇਂ ਅਹੁਦੇ, ਨਰਸਿੰਗ ਨਿਯਮਾਂ ’ਚ ਵੀ ਸੋਧ

Top Trending News ਪੰਜਾਬ
  • ਪੰਜਾਬ ਕੈਬਨਿਟ ਦੇ ਵੱਡੇ ਫੈਸਲੇ: ਮੁੱਖ ਚੋਣ ਦਫ਼ਤਰ ’ਚ 19 ਨਵੇਂ ਅਹੁਦੇ, ਨਰਸਿੰਗ ਨਿਯਮਾਂ ’ਚ ਵੀ ਸੋਧ

ਚੰਡੀਗੜ੍ਹ, 5 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਸਰਕਾਰ ਦੀ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਸਰਕਾਰ ਨੇ ਮੁੱਖ ਚੋਣ ਦਫ਼ਤਰ ਵਿੱਚ 19 ਨਵੇਂ ਅਹੁਦੇ ਸਿਰਜਣ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਅਹੁਦਿਆਂ ’ਤੇ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪੰਜਾਬ ਨਰਸਿੰਗ ਸਰਵਿਸ ਰੂਲਜ਼-2016 ਵਿੱਚ ਸੋਧ, ਨਾਨ-ਟੀਚਿੰਗ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਸੋਸਾਇਟੀ ਦੇ ਅਧੀਨ ਲਿਆਉਣ ਅਤੇ ਪਠਾਨਕੋਟ ਵਿੱਚ ਰਣਜੀਤ ਸਾਗਰ ਵਿਕਾਸ ਅਥਾਰਟੀ ਦੇ ਗਠਨ ਨੂੰ ਵੀ ਮਨਜ਼ੂਰੀ ਦਿੱਤੀ ਗਈ।

ਮੁੱਖ ਚੋਣ ਦਫ਼ਤਰ ਵਿੱਚ 19 ਨਵੇਂ ਅਹੁਦੇ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੁੱਖ ਚੋਣ ਦਫ਼ਤਰ ਵਿੱਚ 19 ਨਵੇਂ ਅਹੁਦੇ ਸਿਰਜੇ ਜਾਣਗੇ। ਇਸ ਨਾਲ ਚੋਣ ਦਫ਼ਤਰ ਦੇ ਕੰਮਕਾਜ ਲਈ ਸਟਾਫ਼ ਵਿੱਚ ਵਾਧਾ ਹੋਵੇਗਾ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਨਰਸਿੰਗ ਸਰਵਿਸ ਰੂਲਜ਼ ਵਿੱਚ ਸੋਧ: ਪੰਜਾਬ ਸਰਕਾਰ ਨੇ ਪੰਜਾਬ ਨਰਸਿੰਗ ਸਰਵਿਸ ਰੂਲਜ਼-2016 ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਸਾਲ 2021 ਵਿੱਚ ਨਰਸਿੰਗ ਵਿਭਾਗ ਨੂੰ ਵੱਖਰਾ ਵਿਭਾਗ ਬਣਾਇਆ ਗਿਆ ਸੀ, ਪਰ ਇਸ ਲਈ ਵੱਖਰੇ ਸੇਵਾ ਨਿਯਮ ਨਹੀਂ ਬਣੇ ਸਨ। ਹੁਣ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਸਰਕਾਰ ਮੁਤਾਬਕ ਵਿਭਾਗ ਵਿੱਚ ਕਰੀਬ 1,400 ਸਟਾਫ਼ ਨਰਸਾਂ ਦੀ ਭਰਤੀ ਵੀ ਹੋ ਚੁੱਕੀ ਹੈ। ਨਵੇਂ ਨਿਯਮ ਲਾਗੂ ਹੋਣ ਨਾਲ ਮੁਲਾਜ਼ਮਾਂ ਨੂੰ ਵੱਖ-ਵੱਖ ਸੇਵਾ ਲਾਭ ਮਿਲ ਸਕਣਗੇ।

ਨਾਨ-ਟੀਚਿੰਗ ਮੁਲਾਜ਼ਮ ਸੋਸਾਇਟੀ ਦੇ ਅਧੀਨ ਆਉਣਗੇ: ਕੈਬਨਿਟ ਨੇ ਨਾਨ-ਟੀਚਿੰਗ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਸੋਸਾਇਟੀ ਦੇ ਅਧੀਨ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕੰਪਿਊਟਰ ਅਧਿਆਪਕਾਂ ਨੂੰ ਵੀ ਸੋਸਾਇਟੀ ਦੇ ਅਧੀਨ ਲਿਆਂਦਾ ਗਿਆ ਸੀ। ਹੁਣ ਬਾਕੀ ਨਾਨ-ਟੀਚਿੰਗ ਮੁਲਾਜ਼ਮਾਂ ਨੂੰ ਵੀ ਇਸ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।

ਪਠਾਨਕੋਟ ਵਿੱਚ ਬਣੇਗੀ ਰਣਜੀਤ ਸਾਗਰ ਵਿਕਾਸ ਅਥਾਰਟੀ: ਪਠਾਨਕੋਟ ਨੂੰ ਸੈਰ-ਸਪਾਟੇ ਦੇ ਪੱਖੋਂ ਵਿਕਸਤ ਕਰਨ ਲਈ ਰਣਜੀਤ ਸਾਗਰ ਵਿਕਾਸ ਅਥਾਰਟੀ ਦੇ ਗਠਨ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ। ਪਠਾਨਕੋਟ ਵਿੱਚ ਕਈ ਸੈਰ-ਸਪਾਟਾ ਸਥਾਨ ਹਨ, ਜਿਨ੍ਹਾਂ ਨੂੰ ਹੋਰ ਵਿਕਸਤ ਕੀਤਾ ਜਾ ਸਕਦਾ ਹੈ।

ਰਣਜੀਤ ਸਾਗਰ ਡੈਮ ਖੇਤਰ ਕਰੀਬ 305 ਏਕੜ ਵਿੱਚ ਫੈਲਿਆ ਹੋਇਆ ਹੈ। ਪ੍ਰਸਤਾਵਿਤ ਅਥਾਰਟੀ ਦੇ ਚੇਅਰਮੈਨ ਮੁੱਖ ਮੰਤਰੀ ਹੋਣਗੇ, ਜਦਕਿ ਸਬੰਧਤ ਮੰਤਰੀ ਇਸ ਦੇ ਮੈਂਬਰ ਹੋਣਗੇ।