Breaking: GST ਕੌਂਸਲ ਦੀ 57ਵੀਂ ਮੀਟਿੰਗ ਮੁੜ ਟਲੀ, ਹੁਣ 8 ਅਕਤੂਬਰ ਨੂੰ ਹੋਵੇਗੀ ਬੈਠਕ
ਨਵੀਂ ਦਿੱਲੀ 6 ਅਕਤੂਬਰ 2026
ਕਾਰੋਬਾਰੀਆਂ ਅਤੇ ਟੈਕਸਦਾਤਿਆਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। 57ਵੀਂ ਜੀਐੱਸਟੀ ਕੌਂਸਲ ਦੀ ਬੈਠਕ ਦੀ ਤਾਰੀਖ ਇੱਕ ਵਾਰ ਫਿਰ ਬਦਲ ਦਿੱਤੀ ਗਈ ਹੈ। ਪਹਿਲਾਂ 7 ਅਕਤੂਬਰ ਨੂੰ ਹੋਣ ਵਾਲੀ ਇਹ ਬੈਠਕ ਹੁਣ 8 ਅਕਤੂਬਰ, ਵੀਰਵਾਰ ਨੂੰ ਹੋਵੇਗੀ। ਜੀਐੱਸਟੀ ਕੌਂਸਲ ਸਕੱਤਰੇਤ ਵੱਲੋਂ 5 ਅਕਤੂਬਰ ਨੂੰ ਜਾਰੀ ਦਫ਼ਤਰੀ ਮੈਮੋਰੈਂਡਮ ਵਿੱਚ ਤਾਰੀਖ ਬਦਲਣ ਦਾ ਕਾਰਨ ‘ਅਟੱਲ ਹਾਲਾਤ’ (Unavoidable Circumstances) ਦੱਸਿਆ ਗਿਆ ਹੈ, ਹਾਲਾਂਕਿ ਇਨ੍ਹਾਂ ਹਾਲਾਤਾਂ ਬਾਰੇ ਕੋਈ ਵਿਸਥਾਰ ਨਹੀਂ ਦਿੱਤਾ ਗਿਆ।
ਇਹ ਲਗਾਤਾਰ ਦੂਜੀ ਵਾਰ ਹੈ ਜਦੋਂ 57ਵੀਂ ਜੀਐੱਸਟੀ ਕੌਂਸਲ ਦੀ ਬੈਠਕ ਦੀ ਤਾਰੀਖ ਬਦਲੀ ਗਈ ਹੈ। ਇਸ ਤੋਂ ਪਹਿਲਾਂ ਬੈਠਕ 12 ਸਤੰਬਰ ਨੂੰ ਹੋਣੀ ਸੀ, ਜਿਸ ਨੂੰ ਬਾਅਦ ਵਿੱਚ 7 ਅਕਤੂਬਰ ਕਰ ਦਿੱਤਾ ਗਿਆ ਸੀ।
8 ਅਕਤੂਬਰ ਨੂੰ ਹੋਣ ਵਾਲੀ ਬੈਠਕ ਵਿੱਚ ਜੀਐੱਸਟੀ ਰਜਿਸਟ੍ਰੇਸ਼ਨ, ਰਿਟਰਨ ਅਤੇ ਰਿਫੰਡ ਪ੍ਰਣਾਲੀ ਵਿੱਚ ਤਬਦੀਲੀਆਂ, ਟੈਕਸ ਵਿਵਾਦਾਂ ਦੇ ਹੱਲ ਅਤੇ ਇਨਪੁਟ ਟੈਕਸ ਕ੍ਰੈਡਿਟ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਰਗੇ ਮੁੱਦਿਆਂ ’ਤੇ ਵਿਚਾਰ ਹੋਣ ਦੀ ਉਮੀਦ ਹੈ। ਕੁਝ ਜੀਐੱਸਟੀ ਅਪਰਾਧਾਂ ਨੂੰ ਗੈਰ-ਅਪਰਾਧਿਕ ਬਣਾਉਣ ਅਤੇ ਕਾਰੋਬਾਰੀਆਂ ਲਈ ਟੈਕਸ ਪਾਲਣਾ ਆਸਾਨ ਕਰਨ ਸਬੰਧੀ ਪ੍ਰਸਤਾਵ ਵੀ ਚਰਚਾ ਵਿੱਚ ਆ ਸਕਦੇ ਹਨ। ਬੈਠਕ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਸਵੇਰੇ 11 ਵਜੇ ਸ਼ੁਰੂ ਹੋਵੇਗੀ।







