ਅਮਰੀਕਾ ਵਿੱਚ ਭਾਰਤੀ ਔਰਤ ਦੀ ਸੜਕ ਹਾਦਸੇ ‘ਚ ਮੌਤ
ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਤੇਲੰਗਾਨਾ ਦੀ 31 ਸਾਲਾ ਮਹਿਲਾ ਦੀ ਅਮਰੀਕਾ ’ਚ ਮੌਤ
ਵਾਸ਼ਿੰਗਟਨ 6 ਅਕਤੂਬਰ 2026
ਅਮਰੀਕਾ ਦੇ ਮਿਸੂਰੀ ਸੂਬੇ ਦੇ ਸੇਂਟ ਲੂਈਸ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਤੇਲੰਗਾਨਾ ਦੀ 31 ਸਾਲਾ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਦਾਰਾਮ ਸੁਪ੍ਰਿਆ ਵਜੋਂ ਹੋਈ ਹੈ, ਜੋ ਮਹਬੂਬਾਬਾਦ ਜ਼ਿਲ੍ਹੇ ਦੇ ਮਰੀਪੇਡਾ ਦੀ ਰਹਿਣ ਵਾਲੀ ਸੀ। ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਪਰਿਵਾਰਕ ਮੈਂਬਰਾਂ ਅਨੁਸਾਰ ਸੁਪ੍ਰਿਆ ਆਪਣਾ ਰੈਸਟੋਰੈਂਟ ਬੰਦ ਕਰਕੇ ਘਰ ਪਰਤ ਰਹੀ ਸੀ, ਜਦੋਂ ਕਰੀਬ ਰਾਤ 1:40 ਵਜੇ ਇਹ ਹਾਦਸਾ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਪ੍ਰਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਵਿੱਚ ਸਵਾਰ ਉਸ ਦੀ ਸਹੇਲੀ ਵੀ ਗੰਭੀਰ ਜ਼ਖ਼ਮੀ ਹੋਈ, ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸੁਪ੍ਰਿਆ ਆਪਣੇ ਪਤੀ ਕੋਡੁਮੁਰੀ ਰਣਜੀਤ ਅਤੇ ਢਾਈ ਸਾਲ ਦੇ ਪੁੱਤਰ ਨਾਲ ਵੈਂਟਜ਼ਵਿਲੇ ਵਿੱਚ ਰਹਿੰਦੀ ਸੀ। ਉਹ ਉੱਥੇ ਰੈਸਟੋਰੈਂਟ ਚਲਾਉਂਦੀ ਸੀ, ਜਦਕਿ ਉਸ ਦਾ ਪਤੀ ਸਾਫਟਵੇਅਰ ਖੇਤਰ ਵਿੱਚ ਕੰਮ ਕਰਦਾ ਹੈ।
ਸੁਪ੍ਰਿਆ ਦੇ ਪਿਤਾ ਡੀ. ਸ੍ਰੀਨਿਵਾਸ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੂੰ ਪੱਤਰ ਲਿਖ ਕੇ ਧੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰੀ ਸਹਾਇਤਾ ਦੀ ਮੰਗ ਕੀਤੀ ਹੈ। ਪਰਿਵਾਰ ਨੇ ਪੁਲਿਸ ਅਤੇ ਸਥਾਨਕ ਆਗੂਆਂ ਤੋਂ ਵੀ ਲੋੜੀਂਦੀਆਂ ਕਾਰਵਾਈਆਂ ਜਲਦ ਪੂਰੀ ਕਰਵਾਉਣ ਦੀ ਅਪੀਲ ਕੀਤੀ ਹੈ।







