ਮੋਬਾਈਲ ਰੀਚਾਰਜ ’ਤੇ ਵਧ ਸਕਦਾ ਹੈ ਖ਼ਰਚਾ, 15 ਫ਼ੀਸਦੀ ਤੱਕ ਵਾਧੇ ਦੀ ਸੰਭਾਵਨਾ
ਨਵੀਂ ਦਿੱਲੀ 6 ਅਕਤੂਬਰ 2026
ਦੇਸ਼ ਵਿੱਚ ਮੋਬਾਈਲ ਸੇਵਾਵਾਂ ਦੀਆਂ ਦਰਾਂ ਆਉਣ ਵਾਲੇ ਚਾਰ ਤੋਂ ਪੰਜ ਮਹੀਨਿਆਂ ਦੌਰਾਨ ਮੁੜ ਵਧ ਸਕਦੀਆਂ ਹਨ। ਇੱਕ ਖੋਜ ਰਿਪੋਰਟ ਅਨੁਸਾਰ ਦੂਰਸੰਚਾਰ ਕੰਪਨੀਆਂ ਵੱਲੋਂ ਮੋਬਾਈਲ ਰੀਚਾਰਜ ਯੋਜਨਾਵਾਂ ਦੀਆਂ ਦਰਾਂ ਵਿੱਚ 12 ਤੋਂ 15 ਫ਼ੀਸਦੀ ਤੱਕ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨਾਲ ਕਰੋੜਾਂ ਮੋਬਾਈਲ ਉਪਭੋਗਤਾਵਾਂ ’ਤੇ ਵਾਧੂ ਵਿੱਤੀ ਬੋਝ ਪੈ ਸਕਦਾ ਹੈ।
ਖੋਜ ਸੰਸਥਾ ਸੈਂਟਰਮ ਇੰਸਟੀਚਿਊਸ਼ਨਲ ਰਿਸਰਚ ਦੀ ਰਿਪੋਰਟ ਮੁਤਾਬਕ ਦੂਰਸੰਚਾਰ ਖੇਤਰ ਵਿੱਚ ਸਰਗਰਮ ਵੱਡੀਆਂ ਕੰਪਨੀਆਂ ਦੀ ਗਿਣਤੀ ਘਟਣ ਕਾਰਨ ਬਾਜ਼ਾਰ ਵਿੱਚ ਕੀਮਤਾਂ ਵਧਾਉਣ ਲਈ ਵਧੇਰੇ ਅਨੁਕੂਲ ਮਾਹੌਲ ਬਣਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ, ਅਰਥਾਤ ਜੁਲਾਈ ਤੋਂ ਸਤੰਬਰ 2026 ਦੌਰਾਨ, ਭਾਰਤੀ ਏਅਰਟੈੱਲ, ਰਿਲਾਇੰਸ ਜੀਓ ਅਤੇ ਵੋਡਾਫੋਨ ਆਈਡੀਆ ਦੀ ਪ੍ਰਤੀ ਉਪਭੋਗਤਾ ਔਸਤ ਆਮਦਨ ਵਿੱਚ ਲਗਭਗ 0.8 ਤੋਂ 2 ਫ਼ੀਸਦੀ ਵਾਧਾਬਹੋਣ ਦੀ ਉਮੀਦ ਹੈ।
ਇਹ ਵਾਧਾ ਮੁੱਖ ਤੌਰ ’ਤੇ 2ਜੀ ਤੋਂ 4ਜੀ ਅਤੇ 5ਜੀ ਸੇਵਾਵਾਂ ਵੱਲ ਉਪਭੋਗਤਾਵਾਂ ਦੇ ਰੁਝਾਨ, ਪੋਸਟਪੇਡ ਗਾਹਕਾਂ ਦੀ ਗਿਣਤੀ ਵਧਣ ਅਤੇ ਵਧੇਰੇ ਮੁੱਲ ਵਾਲੀਆਂ ਯੋਜਨਾਵਾਂ ਦੀ ਵਰਤੋਂ ਕਾਰਨ ਹੋਣ ਦੀ ਸੰਭਾਵਨਾ ਹੈ।







