2027 ਚੋਣਾਂ ਲਈ ਕਾਂਗਰਸ ਦੀ ਤਿਆਰੀ ਸ਼ੁਰੂ! ਪੰਜਾਬ ਸਕ੍ਰੀਨਿੰਗ ਕਮੇਟੀ ਦੀ ਕਮਾਨ ਡਾ. ਸਿਰਿਵੇਲਾ ਪ੍ਰਸਾਦ ਨੂੰ ਸੌਂਪੀ
ਨਵੀਂ ਦਿੱਲੀ, 17 ਨਵੰਬਰ 2026: ਪੰਜਾਬ ਸਮੇਤ ਪੰਜ ਸੂਬਿਆਂ ਵਿੱਚ 2027 ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣੀਆਂ ਸੰਗਠਨਾਤਮਕ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਨੇ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਵਾਸਤੇ ਪੰਜ ਸੂਬਿਆਂ ਵਿੱਚ ਸਕ੍ਰੀਨਿੰਗ ਕਮੇਟੀਆਂ ਦਾ ਗਠਨ ਕੀਤਾ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਨ੍ਹਾਂ ਨਿਯੁਕਤੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਲਈ ਡਾ. ਸਿਰਿਵੇਲਾ ਪ੍ਰਸਾਦ ਨੂੰ ਸਕ੍ਰੀਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਦਕਿ ਸਚਿਨ ਸਾਵੰਤ ਅਤੇ ਨਿਵੇਦਿਥ ਅਲਵਾ ਨੂੰ ਮੈਂਬਰ ਬਣਾਇਆ ਗਿਆ ਹੈ। ਇਹ ਕਮੇਟੀ ਵਿਧਾਨ ਸਭਾ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਦੀ ਸਿਆਸੀ ਪਕੜ, ਜਥੇਬੰਦਕ ਸਰਗਰਮੀਆਂ ਅਤੇ ਸਥਾਨਕ ਪੱਧਰ ’ਤੇ ਲੋਕਪ੍ਰਿਯਤਾ ਦਾ ਜਾਇਜ਼ਾ ਲਵੇਗੀ।
ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਲਈ ਵੀ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਸਬੰਧਤ ਸੂਬਿਆਂ ਦੇ ਪਾਰਟੀ ਇੰਚਾਰਜ ਅਤੇ ਹੋਰ ਅਹੁਦੇਦਾਰ ਵੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ।
ਦੂਜੇ ਪਾਸੇ, ਪੰਜਾਬ ਵਿੱਚ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਲਈ ਵਿਜੇ ਇੰਦਰ ਸਿੰਗਲਾ, ਅਰੁਣਾ ਚੌਧਰੀ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਹਰਦੇਵ ਸਿੰਘ ਲਾਡੀ ਦੀ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਨਵੇਂ ਆਗੂਆਂ ਦੀ ਸ਼ਮੂਲੀਅਤ ਤੋਂ ਪਹਿਲਾਂ ਸਥਾਨਕ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨਾ ਲਾਜ਼ਮੀ ਹੋਵੇਗਾ।





