ਭਾਰਤ-ਮਿਸਰ ਵਪਾਰ ਨੂੰ ਮਿਲੇਗੀ ਨਵੀਂ ਉਡਾਣ, ਅਗਲੇ 5 ਸਾਲਾਂ ’ਚ 12 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ
ਕਾਹਿਰਾ, 17 ਨਵੰਬਰ 2026: ਭਾਰਤ ਅਤੇ ਮਿਸਰ ਨੇ ਆਪਣੇ ਆਰਥਿਕ ਤੇ ਵਪਾਰਕ ਸਬੰਧਾਂ ਨੂੰ ਨਵੀਂ ਮਜ਼ਬੂਤੀ ਦੇਣ ਲਈ ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ 12 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਟੀਚਾ ਮਿੱਥਿਆ ਹੈ। ਮਿਸਰ ਦੇ ਵਿਦੇਸ਼ ਮੰਤਰੀ ਬਦਰ ਅਬਦੇਲਾਤੀ ਨੇ ਕਿਹਾ ਕਿ ਦੋਵੇਂ ਦੇਸ਼ ਵਪਾਰਕ ਸਹਿਯੋਗ ਵਧਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ।
16 ਨਵੰਬਰ ਨੂੰ ਕਾਹਿਰਾ ਵਿੱਚ ਭਾਰਤ ਦੇ ਵਣਜ ਮੰਤਰੀ ਪਿਊਸ਼ ਗੋਇਲ ਅਤੇ ਮਿਸਰ ਦੇ ਮੰਤਰੀ ਮੁਹੰਮਦ ਫਰੀਦ ਸਾਲੇਹ ਵਿਚਕਾਰ ਹੋਈ ਸੱਤਵੀਂ ਸਾਂਝੀ ਵਪਾਰ ਕਮੇਟੀ ਦੀ ਮੀਟਿੰਗ ਵਿੱਚ ਇਸ ਟੀਚੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਅੰਕੜਿਆਂ ਅਨੁਸਾਰ, 2025-26 ਵਿੱਚ ਦੋਵਾਂ ਦੇਸ਼ਾਂ ਦਾ ਵਪਾਰ 6.5 ਅਰਬ ਡਾਲਰ ਰਿਹਾ, ਜੋ ਪਿਛਲੇ ਸਾਲ ਨਾਲੋਂ 35 ਫ਼ੀਸਦੀ ਵੱਧ ਹੈ। ਅਪ੍ਰੈਲ ਤੋਂ ਸਤੰਬਰ 2026 ਤੱਕ ਇਹ ਅੰਕੜਾ 5.04 ਅਰਬ ਡਾਲਰ ਹੋ ਗਿਆ।
ਵਪਾਰ ਨੂੰ ਹੁਲਾਰਾ ਦੇਣ ਲਈ ਦੋਵੇਂ ਦੇਸ਼ ਤਰਜੀਹੀ ਵਪਾਰ ਸਮਝੌਤੇ ਜਾਂ ਮੁਕਤ ਵਪਾਰ ਸਮਝੌਤੇ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਾਂਝਾ ਵਰਕਿੰਗ ਗਰੁੱਪ ਬਣਾਉਣਗੇ।
ਦਵਾਈਆਂ, ਖਾਦਾਂ, ਪੈਟਰੋਕੈਮੀਕਲ, ਆਟੋਮੋਬਾਈਲ, ਟੈਕਸਟਾਈਲ, ਆਈਟੀ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਯੋਜਨਾ ਹੈ। ਇਸ ਪਹਿਲਕਦਮੀ ਨਾਲ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਲਈ ਨਵੇਂ ਬਾਜ਼ਾਰ ਅਤੇ ਨਿਵੇਸ਼ ਦੇ ਮੌਕੇ ਖੁੱਲ੍ਹਣ ਦੀ ਉਮੀਦ ਹੈ।





