ਵੱਡੀ ਖ਼ਬਰ: ਡਿਊਟੀ ਲਾਪਰਵਾਹੀ ਵਰਤਣ ਵਾਲੇ ਅਧਿਕਾਰੀ ਹੋਣਗੇ ਸਸਪੈਂਡ (suspended)- ਹਰਜੋਤ ਬੈਂਸ
ਲੁਧਿਆਣਾ:
suspended! ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਸਫ਼ਾਈ ਵਿਵਸਥਾ ਦੀ ਜ਼ਮੀਨੀ ਹਕੀਕਤ ਦੇਖੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਲੁਧਿਆਣਾ ਨੂੰ ਪੂਰੇ ਤਰੀਕੇ ਨਾਲ ਸਾਫ਼-ਸੁਥਰਾ ਅਤੇ ਚਮਕਦਾਰ ਬਣਾਉਣ ਵਿੱਚ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਮੰਤਰੀ ਹਰਜੋਤ ਸਿੰਘ ਬੈਂਸ ਨੇ ‘ਮਿਸ਼ਨ ਕਲੀਨ ਪੰਜਾਬ’ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਰੋਜ਼ਾਨਾ ਸਵੇਰੇ 7:00 ਤੋਂ 8:00 ਵਜੇ ਤੱਕ ਸਾਰੇ ਸਬੰਧਤ ਅਫ਼ਸਰ ਖ਼ੁਦ ਫੀਲਡ ਵਿੱਚ ਉਤਰ ਕੇ ਸਫ਼ਾਈ ਦਾ ਜਾਇਜ਼ਾ ਲੈਣਗੇ। ਉਨ੍ਹਾਂ ਕਿਹਾ, “ਮੈਂ ਖ਼ੁਦ ਲੁਧਿਆਣਾ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਥਾਂ-ਥਾਂ ਡਿਊਟੀ ‘ਤੇ ਤਾਇਨਾਤ ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਵੀ ਜਾਣਿਆ ਹੈ। ਚੈਕਿੰਗ ਦੌਰਾਨ ਜੋ ਵੀ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾ ਰਿਹਾ ਹੈ।”
ਆਉਣ ਵਾਲੇ ਬਰਸਾਤੀ ਮੌਸਮ ਦਾ ਜ਼ਿਕਰ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਅਕਸਰ ਮੌਨਸੂਨ ਦੌਰਾਨ ਸੀਵਰੇਜ ਦਾ ਪਾਣੀ ਓਵਰਫਲੋ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਇਸ ਦੇ ਮੱਦੇਨਜ਼ਰ ਪੂਰੇ ਲੁਧਿਆਣਾ ਸ਼ਹਿਰ ਦੇ ਉਨ੍ਹਾਂ ਹਿੱਸਿਆਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਜਿੱਥੇ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਅਤੇ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਇਸ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ।
ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੰਤਰੀ ਬੈਂਸ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਪੂਰੇ ਸ਼ਹਿਰ ਨੂੰ ‘ਜ਼ੀਰੋ ਮੈਨਹੋਲ’ (Zero Manhole) ਬਣਾਇਆ ਜਾਵੇਗਾ, ਯਾਨੀ ਕਿਤੇ ਵੀ ਕੋਈ ਗਟਰ ਖੁੱਲ੍ਹਾ ਨਹੀਂ ਰਹੇਗਾ। ਹੁਣ ਹਰ ਇਲਾਕੇ ਦੇ ਕੌਂਸਲਰ ਅਤੇ ਜੂਨੀਅਰ ਇੰਜੀਨੀਅਰ (JE) ਨੂੰ ਲਿਖਤੀ ਰੂਪ ਵਿੱਚ ਇਹ ਸਰਟੀਫਿਕੇਟ ਸਾਈਨ ਕਰਕੇ ਦੇਣਾ ਪਵੇਗਾ ਕਿ ਉਨ੍ਹਾਂ ਦੇ ਏਰੀਏ ਵਿੱਚ ਕੋਈ ਵੀ ਗਟਰ ਦਾ ਢੱਕਣ ਖੁੱਲ੍ਹਾ ਨਹੀਂ ਹੈ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਰਟੀਫਿਕੇਟ ਤੋਂ ਬਾਅਦ ਵੀ ਕਿਤੇ ਕੋਈ ਮੈਨਹੋਲ ਖੁੱਲ੍ਹਾ ਪਾਇਆ ਗਿਆ, ਤਾਂ ਸਬੰਧਤ ਜੇ.ਈ. (JE) ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ (ਮੁਅੱਤਲ) ਕਰ ਦਿੱਤਾ ਜਾਵੇਗਾ।



