ਕਰੋੜਾਂ ਦੀ ਲਾਗਤ ਨਾਲ ਬਣਿਆ ਨਵਾਂ ਸਬ-ਡਿਵੀਜ਼ਨਲ ਹਸਪਤਾਲ ਸਟਾਫ਼ ਦੀ ਘਾਟ ਕਾਰਨ ਬਣਿਆ ‘ਚਿੱਟਾ ਹਾਥੀ’

Top Trending News ਪੰਜਾਬ
  • ਕਰੋੜਾਂ ਦੀ ਲਾਗਤ ਨਾਲ ਬਣਿਆ ਨਵਾਂ ਸਬ-ਡਿਵੀਜ਼ਨਲ ਹਸਪਤਾਲ ਸਟਾਫ਼ ਦੀ ਘਾਟ ਕਾਰਨ ਬਣਿਆ ‘ਚਿੱਟਾ ਹਾਥੀ’
  • ਵਿੱਤ ਵਿਭਾਗ ਦੀ ਮਨਜ਼ੂਰੀ ਨਾ ਮਿਲਣ ਕਾਰਨ 33 ਨਵੀਆਂ ਅਸਾਮੀਆਂ ਦੀ ਫਾਈਲ ਅਟਕੀ; ਮੁੱਖ ਮੰਤਰੀ ਦੇ ਵੱਡੇ ਦਾਅਵੇ ਜ਼ਮੀਨੀ ਹਕੀਕਤ ਤੋਂ ਦੂਰ

ਸ੍ਰੀ ਚਮਕੌਰ ਸਾਹਿਬ / ਮੋਰਿੰਡਾ (29 ਜੂਨ, ਭਟੋਆ): ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਸਤੀਆਂ ਅਤੇ ਉੱਚ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ 14 ਕਰੋੜ ਰੁਪਏ ਦੀ ਲਾਗਤ ਨਾਲ ਉਦਘਾਟਨ ਕੀਤਾ ਗਿਆ 50 ਬੈੱਡਾਂ ਵਾਲਾ ਨਵਾਂ ਸਬ-ਡਿਵੀਜ਼ਨਲ ਹਸਪਤਾਲ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਇਲਾਕਾ ਨਿਵਾਸੀਆਂ ਲਈ ‘ਚਿੱਟਾ ਹਾਥੀ’ ਸਾਬਤ ਹੋ ਰਿਹਾ ਹੈ। ਹਸਪਤਾਲ ਦੀ ਇਮਾਰਤ ਨੂੰ ਅਪਗ੍ਰੇਡ ਹੋਇਆਂ ਕਈ ਮਹੀਨੇ ਬੀਤ ਚੁੱਕੇ ਹਨ, ਪਰ ਇੱਥੇ ਨਵੇਂ ਸਟਾਫ਼ ਅਤੇ ਡਾਕਟਰਾਂ ਦੀ ਤਾਇਨਾਤੀ ਸਬੰਧੀ ਫਾਈਲ ਹਾਲੇ ਤੱਕ ਵਿੱਤ ਵਿਭਾਗ (Finance Department) ਦੀ ਮਨਜ਼ੂਰੀ ਦੀ ਉਡੀਕ ਵਿੱਚ ਅਟਕੀ ਹੋਈ ਹੈ।

ਉਦਘਾਟਨ ਸਮੇਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਸੀ ਕਿ ਇਸ ਹਸਪਤਾਲ ਦੇ ਬਣਨ ਨਾਲ ਲੋਕਾਂ ਨੂੰ ਇਲਾਜ ਲਈ ਰੂਪਨਗਰ ਜਾਂ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਅਤੇ ਇੱਥੇ ਐਮਰਜੈਂਸੀ, ਮਾਤਾ-ਬੱਚਾ ਕੇਅਰ, ਐਕਸ-ਰੇ, ਲੈਬ ਅਤੇ ਓਪਰੇਸ਼ਨਾਂ ਦੀਆਂ ਆਧੁਨਿਕ ਸਹੂਲਤਾਂ ਮਿਲਣਗੀਆਂ। ਪਰ ਹਕੀਕਤ ਇਹ ਹੈ ਕਿ ਹਸਪਤਾਲ ਵਿੱਚ ਨਾ ਤਾਂ ਕੋਈ ਮੈਡੀਸਨ (ਦਵਾਈਆਂ ਦਾ) ਮਾਹਰ ਡਾਕਟਰ ਹੈ ਅਤੇ ਨਾ ਹੀ ਸਰਜਰੀ ਕਰਨ ਲਈ ਕੋਈ ਸਰਜਨ ਮੌਜੂਦ ਹੈ। ਨਤੀਜੇ ਵਜੋਂ ਮਰੀਜ਼ਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਦਾ ਰੁਖ਼ ਕਰਨਾ ਪੈ ਰਿਹਾ ਹੈ ਜਾਂ ਫਿਰ ਰੂਪਨਗਰ/ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਜਾਂਦਾ ਹੈ।

ਹਸਪਤਾਲ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਇਸ ਖੇਤਰ ਵਿੱਚੋਂ ਹਰ ਮਹੀਨੇ ਲਗਭਗ 8,000 ਤੋਂ 9,000 ਮਰੀਜ਼ ਇਲਾਜ ਲਈ ਆਉਂਦੇ ਹਨ। ਮਰੀਜ਼ਾਂ ਦੀ ਇਸ ਵੱਡੀ ਗਿਣਤੀ ਨੂੰ ਸੰਭਾਲਣ ਲਈ ਸਿਰਫ਼ 6 ਡਾਕਟਰ ਹੀ 3 ਸ਼ਿਫਟਾਂ ਵਿੱਚ ਦਿਨ-ਰਾਤ ਕੰਮ ਚਲਾ ਰਹੇ ਹਨ। ਇਨ੍ਹਾਂ ਵਿੱਚ ਪੱਕਾ ਸਟਾਫ਼ 2 ਜਨਰਲ MBBS ਡਾਕਟਰ, 1 ਗਾਇਨੀਕੋਲੋਜਿਸਟ, 1 ਐਨਸਥੀਸੀਆ ਮਾਹਰ, 1 ਪੈਥੋਲੋਜਿਸਟ ਅਤੇ 1 ਡੈਂਟਲ ਸਰਜਨ, ਅਤੇ ਆਰਜ਼ੀ ਸਟਾਫ਼ ਓਰਥੋ (ਐਮਪੈਨਲਡ), ENT (ਕੰਨ-ਨੱਕ-ਗਲਾ) ਅਤੇ ਬੱਚਿਆਂ ਦੇ ਮਾਹਰ ਡਾਕਟਰ ਸਿਰਫ਼ 3-3 ਦਿਨ ਹੀ ਡਿਊਟੀ ਨਿਭਾਉਂਦੇ ਹਨ।

ਸਰਕਾਰ ਦੀ ਨਾਕਾਮੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਹਸਪਤਾਲ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਆਧੁਨਿਕ ਮੋਰਚਰੀ (ਮੁਰਦਾਘਰ) ਹਾਲੇ ਤੱਕ ਪ੍ਰਬੰਧਕਾਂ ਦੇ ਸਪੁਰਦ ਨਹੀਂ ਕੀਤੀ ਗਈ। ਇਸ ਕਾਰਨ ਇਲਾਕੇ ਵਿੱਚ ਹੋਣ ਵਾਲੇ ਹਾਦਸਿਆਂ ਜਾਂ ਹੋਰ ਮੌਤਾਂ ਦੇ ਮਾਮਲੇ ਵਿੱਚ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਲਈ ਵਾਰਸਾਂ ਨੂੰ ਲਾਸ਼ਾਂ ਸਿਵਲ ਹਸਪਤਾਲ ਰੂਪਨਗਰ ਲੈ ਕੇ ਜਾਣੀਆਂ ਪੈਂਦੀਆਂ ਹਨ, ਜਿਸ ਨਾਲ ਪੀੜਤ ਪਰਿਵਾਰਾਂ ਦੀ ਖ਼ੱਜਲ-ਖ਼ੁਆਰੀ ਹੋਰ ਵੱਧ ਜਾਂਦੀ ਹੈ।

ਨਿਯਮਾਂ ਮੁਤਾਬਕ, ਇੱਕ ਸਬ-ਡਿਵੀਜ਼ਨਲ ਹਸਪਤਾਲ ਵਿੱਚ SMO ਇੰਚਾਰਜ, ਮੈਡੀਕਲ ਸਪੈਸ਼ਲਿਸਟ, ਸਰਜਨ, ਰੇਡੀਓਲੋਜਿਸਟ, ਆਈ ਸਪੈਸ਼ਲਿਸਟ ਸਮੇਤ ਕਈ ਮਾਹਰਾਂ ਦੀਆਂ ਅਸਾਮੀਆਂ ਸੈੰਕਸ਼ਨਡ ਹੁੰਦੀਆਂ ਹਨ। ਸਰਕਾਰ ਵੱਲੋਂ ਇਸ ਹਸਪਤਾਲ ਲਈ ਮਾਹਰ ਡਾਕਟਰਾਂ, ਨਰਸਾਂ, ਕਲਰਕਾਂ ਅਤੇ ਦਰਜਾ-ਚਾਰ ਸਟਾਫ਼ ਸਮੇਤ ਕੁੱਲ 33 ਨਵੀਆਂ ਅਸਾਮੀਆਂ ਦੀ ਮੁੜ-ਰਚਨਾ ਕਰਕੇ ਪ੍ਰਵਾਨਗੀ ਦਿੱਤੀ ਗਈ ਸੀ। ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵਿੱਤ ਵਿਭਾਗ ਵੱਲੋਂ ਲੋੜੀਂਦੀ ਵਿੱਤੀ ਪ੍ਰਵਾਨਗੀ (Financial Clearance) ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਸਾਰੀ ਪ੍ਰਕਿਰਿਆ ਠੱਪ ਪਈ ਹੈ।

ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਰਫ਼ ਵੱਡੀਆਂ ਇਮਾਰਤਾਂ ਬਣਾ ਕੇ ਵਾਹ-ਵਾਹੀ ਖੱਟਣ ਦੀ ਬਜਾਏ, ਹਸਪਤਾਲ ਵਿੱਚ ਤੁਰੰਤ ਮਾਹਰ ਡਾਕਟਰਾਂ ਅਤੇ ਸਟਾਫ਼ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਅਸਲ ਮਾਇਨੇ ਵਿੱਚ ਸਿਹਤ ਸਹੂਲਤਾਂ ਮਿਲ ਸਕਣ।

ਉਧਰ ਜਦੋਂ ਇਸ ਸਬੰਧੀ ਐਸਐਮਓ ਸ਼੍ਰੀ ਗੋਬਿੰਦ ਟੰਡਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਉਹਨਾਂ ਵੱਲੋਂ ਫੋਨ ਅਟੈਂਡ ਨਹੀਂ ਕੀਤਾ ਗਿਆ, ਜਦ ਕਿ ਸੀਐਮਓ ਡਾਕਟਰ ਰਮਨ ਗੁਪਤਾ ਨੇ ਦੱਸਿਆ ਕਿ ਇਸ ਸਬੰਧੀ ਵਿੱਤ ਵਿਭਾਗ ਨੂੰ ਬਕਾਇਦਾ ਰੀਮਾਈਡਰ ਭੇਜੇ ਜਾ ਚੁੱਕੇ ਹਨ। ਸਰਕਾਰ ਵੱਲੋਂ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਜਿਉਂ ਹੀ ਇਹ ਭਰਤੀ ਮੁਕੰਮਲ ਹੁੰਦੀ ਤਾਂ ਚਮਕੌਰ ਸਾਹਿਬ ਹਸਪਤਾਲ ਲਈ ਵੀ ਡਾਕਟਰ ਮੁਹਈਆ ਕਰਵਾਏ ਜਾਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।