Lahore ‘ਚ ਦਰਦਨਾਕ ਹਾਦਸਾ: ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਕਾਰਨ 14 ਮਾਸੂਮ ਬੱਚਿਆਂ ਦੀ ਮੌਤ, 20 ਜ਼ਖ਼ਮੀ
ਲਾਹੌਰ, 1 ਜੁਲਾਈ 2026-
ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਚੱਲ ਰਹੇ ਨਿੱਜੀ ਟਿਊਸ਼ਨ ਸੈਂਟਰ ਦੀ ਛੱਤ ਮੰਗਲਵਾਰ ਨੂੰ ਅਚਾਨਕ ਢਹਿ-ਢੇਰੀ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਮਲਬੇ ਹੇਠ ਦੱਬਣ ਕਾਰਨ 14 ਮਾਸੂਮ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 20 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਇਹ ਹਾਦਸਾ ਲਾਹੌਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਕਾਹਨਾ ਨੌ ਦੀ ਈਦਗਾਹ ਕਲੋਨੀ ਵਿੱਚ ਵਾਪਰਿਆ। ਹਾਦਸੇ ਦੇ ਸਮੇਂ ਅਕੈਡਮੀ ਦੀ ਕਲਾਸ ਵਿੱਚ 7 ਤੋਂ 13 ਸਾਲ ਦੀ ਉਮਰ ਦੇ 30 ਤੋਂ ਵੱਧ ਬੱਚੇ ਪੜ੍ਹ ਰਹੇ ਸਨ। ਲਾਹੌਰ ਦੇ ਡੀਆਈਜੀ ਓਪਰੇਸ਼ਨ ਫੈਜ਼ਲ ਕਾਮਰਾਨ ਮੁਤਾਬਕ ਇਮਾਰਤ ਦਾ ਇੱਕ ਹਿੱਸਾ ਅਜੇ ਬਣ ਰਿਹਾ ਸੀ ਅਤੇ ਜਿਸ ਵੇਲੇ ਛੱਤ ਡਿੱਗੀ, ਉਸ ਵੇਲੇ ਮਜ਼ਦੂਰ ਉੱਪਰ ਕੰਮ ਕਰ ਰਹੇ ਸਨ।
ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਲਾਪਰਵਾਹੀ ਅਤੇ ਅਣਗਹਿਲੀ ਵਰਤਣ ਦੇ ਦੋਸ਼ ਹੇਠ ਸੰਬੰਧਿਤ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਦਸੇ ਤੋਂ ਤੁਰੰਤ ਬਾਅਦ 20 ਜ਼ਖ਼ਮੀ ਬੱਚਿਆਂ ਅਤੇ ਇੱਕ ਮਹਿਲਾ ਅਧਿਆਪਕ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਮੌਕੇ ‘ਤੇ ਐਂਬੂਲੈਂਸਾਂ ਅਤੇ ਬਚਾਅ ਕਰਮਚਾਰੀ ਲਗਾਤਾਰ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ।
ਰਾਹਤ ਕਾਰਜਾਂ ਵਿੱਚ ਸ਼ਾਮਲ ਪ੍ਰਮੁੱਖ ਸੰਸਥਾ ‘ਈਧੀ ਫਾਊਂਡੇਸ਼ਨ’ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵੀ ਵੱਧ ਸਕਦੀ ਹੈ, ਕਿਉਂਕਿ ਕੁਝ ਬੱਚੇ ਅਜੇ ਵੀ ਮਲਬੇ ਦੇ ਹੇਠਾਂ ਫਸੇ ਹੋ ਸਕਦੇ ਹਨ। ਪੰਜਾਬ (ਪਾਕਿਸਤਾਨ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਇਸ ਘਾਤਕ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ।



