ਵੱਡੀ ਖ਼ਬਰ: ਪ੍ਰਾਈਵੇਟ ਬੁੱਕ ਵਿਕਰੇਤਾਵਾਂ ਦੀ ਮਨਮਾਨੀ ਖ਼ਤਮ; PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ‘ਪੁਸਤਕ ਪੋਰਟਲ’

Top Trending News ਪੰਜਾਬ

 

ਵੱਡੀ ਖ਼ਬਰ: ਪ੍ਰਾਈਵੇਟ ਬੁੱਕ ਵਿਕਰੇਤਾਵਾਂ ਦੀ ਮਨਮਾਨੀ ਖ਼ਤਮ; PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ‘ਪੁਸਤਕ ਪੋਰਟਲ’

ਚੰਡੀਗੜ੍ਹ, 2 ਜੁਲਾਈ 2026

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ ਅਤੇ ਕਿਤਾਬਾਂ ਦੀ ਓਵਰਚਾਰਜਿੰਗ ਤੋਂ ਬਚਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਇੱਕ ਇਤਿਹਾਸਕ ਅਤੇ ਨਿਵੇਕਲੀ ਪਹਿਲ ਕੀਤੀ ਹੈ। ਬੋਰਡ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ‘ਪੁਸਤਕ ਪੋਰਟਲ’ ਨਾਮ ਦਾ ਆਪਣਾ ਖੁਦ ਦਾ ਅਧਿਕਾਰਤ ਈ-ਕਾਮਰਸ ਪੋਰਟਲ ਲਾਂਚ ਕਰ ਦਿੱਤਾ ਗਿਆ ਹੈ।

ਇਸ ਸ਼ਾਨਦਾਰ ਕਦਮ ਨਾਲ ਪੰਜਾਬ, ਪੂਰੇ ਦੇਸ਼ ਵਿੱਚ ਆਪਣਾ ਅਜਿਹਾ ਈ-ਕਾਮਰਸ ਪੋਰਟਲ ਸ਼ੁਰੂ ਕਰਨ ਵਾਲਾ ਪਹਿਲਾ ਸਿੱਖਿਆ ਬੋਰਡ ਬਣ ਗਿਆ ਹੈ।

ਇਸ ਨਾਲ ਸੂਬੇ ਦੇ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਧਾ ਫਾਇਦਾ। ਮਾਪਿਆਂ ਦੇ ਹਰ ਸਾਲ ਕਰੀਬ 2.15 ਕਰੋੜ ਰੁਪਏ ਬਚਣਗੇ। ਪੋਰਟਲ ਰਾਹੀਂ ਕਿਤਾਬਾਂ ਮੰਗਵਾਉਣ ‘ਤੇ ਪ੍ਰਿੰਟ ਰੇਟ (ਨਿਰਧਾਰਤ ਕੀਮਤ) ‘ਤੇ ਫਲੈਟ 15% ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਨਵੀਂ ਵਿਵਸਥਾ ਮੁਤਾਬਕ ਪ੍ਰਾਈਵੇਟ ਬੁੱਕ ਸੈਲਰ ਮਨਮਰਜ਼ੀ ਦੇ ਪੈਸੇ ਨਹੀਂ ਵਸੂਲ ਸਕਣਗੇ। ਸਕੂਲ ਸਿਰਫ਼ ਕਿਤਾਬਾਂ ਦੀ ਵੰਡ ਵਿੱਚ ਸਹਾਇਤਾ ਕਰਨਗੇ ਅਤੇ ਉਹ ਬੋਰਡ ਵੱਲੋਂ ਤੈਅ ਕੀਤੇ ਰੇਟ ਤੋਂ ਇੱਕ ਰੁਪਿਆ ਵੀ ਵੱਧ ਨਹੀਂ ਲੈ ਸਕਦੇ। ਬੋਰਡ ਵੱਲੋਂ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਦੀਆਂ 361 ਟੈਕਸਟਬੁੱਕ ਟਾਈਟਲਜ਼ ਦੀਆਂ ਕਰੀਬ 2.25 ਕਰੋੜ ਕਿਤਾਬਾਂ ਛਾਪੀਆਂ ਗਈਆਂ ਹਨ। ਉੱਥੇ ਹੀ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ ਨੇ ਕਿਹਾ ਕਿ, “ਹੁਣ ਕੋਈ ਵੀ ਵਿਦਿਆਰਥੀ, ਮਾਪੇ ਜਾਂ ਸਕੂਲ ਪ੍ਰਬੰਧਕ ਸਿੱਧੇ ਇਸ ਪੋਰਟਲ ਰਾਹੀਂ ਆਨਲਾਈਨ ਕਿਤਾਬਾਂ ਦਾ ਆਰਡਰ ਦੇ ਸਕਦੇ ਹਨ।”

ਬੋਰਡ ਵੱਲੋਂ ਵਿਦਿਆਰਥੀਆਂ ਤੱਕ ਕਿਤਾਬਾਂ ਪਹੁੰਚਾਉਣ ਲਈ ਦੋ ਬਿਹਤਰੀਨ ਤਰੀਕੇ ਤਿਆਰ ਕੀਤੇ ਗਏ ਹਨ। ਪੂਰੇ ਪੰਜਾਬ ਵਿੱਚ 97 ਡਿਲੀਵਰੀ ਅਤੇ ਪਿਕ-ਅੱਪ ਸੈਂਟਰ ਬਣਾਏ ਗਏ ਹਨ। ਜੇਕਰ ਤੁਸੀਂ ਇਨ੍ਹਾਂ ਸੈਂਟਰਾਂ ‘ਤੇ ਖੁਦ ਜਾ ਕੇ ਕਿਤਾਬਾਂ ਲੈਂਦੇ ਹੋ, ਤਾਂ ਤੁਹਾਨੂੰ ਕੋਈ ਵਾਧੂ ਚਾਰਜ (ਐਕਸਟਰਾ ਚਾਰਜ) ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ, PSEB ਦੇ ਜ਼ਿਲ੍ਹਾ ਦਫ਼ਤਰਾਂ ਤੋਂ ਵੀ ਸਿੱਧੇ ਜਾ ਕੇ 15% ਛੋਟ ‘ਤੇ ਕਿਤਾਬਾਂ ਖ਼ਰੀਦੀਆਂ ਜਾ ਸਕਦੀਆਂ ਹਨ।

ਜੇਕਰ ਤੁਸੀਂ ਕਿਤਾਬਾਂ ਆਪਣੇ ਘਰ ਦੇ ਪਤੇ ‘ਤੇ ਮੰਗਵਾਉਣਾ ਚਾਹੁੰਦੇ ਹੋ, ਤਾਂ PSEB ਨੇ ਭਾਰਤੀ ਡਾਕ ਵਿਭਾਗ ਨਾਲ ਵਿਸ਼ੇਸ਼ ਸਮਝੌਤਾ ਕੀਤਾ ਹੈ। ਇਸ ਤਹਿਤ Gyan Post Scheme ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਕੀਮ ਅਧੀਨ 5 ਕਿੱਲੋ ਤੱਕ ਦੇ ਪਾਰਸਲ ‘ਤੇ ਡਿਲੀਵਰੀ ਚਾਰਜ ਬਹੁਤ ਹੀ ਘੱਟ ਰੱਖਿਆ ਗਿਆ ਹੈ।

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਇਸ ਸਬੰਧੀ ਘਬਰਾਉਣ ਜਾਂ ਕੋਈ ਆਨਲਾਈਨ ਆਰਡਰ ਕਰਨ ਦੀ ਬਿਲਕੁਲ ਲੋੜ ਨਹੀਂ ਹੈ। ਉਨ੍ਹਾਂ ਨੂੰ ਰਾਜ ਸਰਕਾਰ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਹਮੇਸ਼ਾ ਮੁਫ਼ਤ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ। ਨਵੇਂ ਵਿੱਦਿਅਕ ਸੈਸ਼ਨ 2026-27 ਲਈ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਦੀ ਡਿਲੀਵਰੀ ਪਹਿਲਾਂ ਹੀ ਮੁਕੰਮਲ ਕੀਤੀ ਜਾ ਚੁੱਕੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।