ਜਨਮ ਦਿਨ ਦਾ ਜਸ਼ਨ ਮਾਤਮ ‘ਚ ਬਦਲਿਆ! ਬਿਲਡਿੰਗ ਡਿੱਗਣ ਕਾਰਨ ਇੱਕੋ ਪਰਿਵਾਰ ਦੇ 11 ਜੀਆਂ ਦੀ ਮੌਤ
ਲਾਹੌਰ, 31 ਜੁਲਾਈ 2026
ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਸੰਘਣੀ ਆਬਾਦੀ ਵਾਲੇ ਹਰਬੰਸਪੁਰਾ ਇਲਾਕੇ ਵਿੱਚ ਤਿੰਨ ਮੰਜ਼ਿਲਾ ਮਕਾਨ ਅਚਾਨਕ ਢਹਿ ਜਾਣ ਕਾਰਨ ਇੱਕੋ ਪਰਿਵਾਰ ਦੇ ਘੱਟੋ-ਘੱਟ 11 ਮੈਂਬਰਾਂ ਦੀ ਮਲਬੇ ਹੇਠ ਦੱਬ ਕੇ ਮੌਤ ਹੋ ਗਈ। ਹਾਦਸੇ ਵੇਲੇ ਘਰ ਵਿੱਚ ਜਨਮਦਿਨ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਜੋ ਕੁਝ ਹੀ ਪਲਾਂ ਵਿੱਚ ਮਾਤਮ ਵਿੱਚ ਬਦਲ ਗਿਆ।
ਲਾਹੌਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਏਜਾਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਕਾਨ ਵਿੱਚ ਤਿੰਨ ਭਰਾ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਸਨ। ਜਨਮਦਿਨ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੀ ਭੈਣ ਵੀ ਆਪਣੇ ਬੱਚਿਆਂ ਨਾਲ ਉੱਥੇ ਪਹੁੰਚੀ ਹੋਈ ਸੀ। ਇਸ ਦੌਰਾਨ ਅਚਾਨਕ ਇਮਾਰਤ ਢਹਿ ਗਈ, ਜਿਸ ਕਾਰਨ ਲਗਭਗ 20 ਲੋਕ ਮਲਬੇ ਹੇਠ ਦੱਬ ਗਏ।
ਬਚਾਅ ਟੀਮਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਅਧਿਕਾਰੀਆਂ ਅਨੁਸਾਰ ਹੁਣ ਤੱਕ ਔਰਤਾਂ ਅਤੇ ਬੱਚਿਆਂ ਸਮੇਤ 11 ਲੋਕਾਂ ਦੀਆਂ ਲਾਸ਼ਾਂ ਮਲਬੇ ਵਿੱਚੋਂ ਕੱਢੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਛੇ ਹੋਰ ਲੋਕਾਂ ਨੂੰ ਜ਼ਿੰਦਾ ਬਚਾ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਅਧਿਕਾਰੀਆਂ ਨੂੰ ਅਜੇ ਵੀ ਖਦਸ਼ਾ ਹੈ ਕਿ ਦੋ ਤੋਂ ਤਿੰਨ ਲੋਕ ਮਲਬੇ ਹੇਠ ਫਸੇ ਹੋ ਸਕਦੇ ਹਨ, ਜਿਸ ਕਾਰਨ ਬਚਾਅ ਅਭਿਆਨ ਜਾਰੀ ਹੈ।
ਜਾਂਚ ਮੁਤਾਬਕ ਹਾਲ ਹੀ ਵਿੱਚ ਹੋਈ ਭਾਰੀ ਮਾਨਸੂਨ ਬਾਰਿਸ਼ ਕਾਰਨ ਇਮਾਰਤ ਦੀ ਬਣਤਰ ਕਮਜ਼ੋਰ ਹੋ ਗਈ ਸੀ, ਜਿਸ ਕਾਰਨ ਇਹ ਅਚਾਨਕ ਢਹਿ ਗਈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਦੁਖਦਾਈ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ, ਜਦਕਿ ਰਾਹਤ ਅਤੇ ਬਚਾਅ ਟੀਮਾਂ ਵੱਲੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ।



