ਖਾਦਾਂ ਦੀ ਟੈਗਿੰਗ ਕਰਨ ਵਾਲੇ ਡੀਲਰਾਂ ‘ਤੇ ਹੋਵੇਗੀ ਸਖ਼ਤ ਕਾਰਵਾਈ, ਬਟਾਲਾ ਰੈਕ ਪੁਆਇੰਟ ਦੀ ਅਚਨਚੇਤ ਜਾਂਚ
ਗੁਰਦਾਸਪੁਰ, 6 ਅਗਸਤ 2026- ਕਿਸਾਨਾਂ ਨੂੰ ਨਿਰਧਾਰਿਤ ਦਰਾਂ ‘ਤੇ ਖਾਦਾਂ ਦੀ ਨਿਰਵਿਘਨ ਸਪਲਾਈ ਅਤੇ ਖਾਦ ਕੰਟਰੋਲ ਆਰਡਰ-1985 ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਨਿਗਰਾਨੀ ਹੋਰ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਚੀਮਾ ਨੇ ਵਿਭਾਗੀ ਟੀਮ ਸਮੇਤ ਬਟਾਲਾ ਸਥਿਤ ਰੈਕ ਪੁਆਇੰਟ ਦਾ ਅਚਨਚੇਤ ਦੌਰਾ ਕੀਤਾ।
ਜਾਂਚ ਦੌਰਾਨ ਖਾਦਾਂ ਦੇ ਸਟਾਕ, ਭੰਡਾਰਨ ਪ੍ਰਬੰਧ, ਆਮਦ-ਰਫ਼ਤ, ਸਟਾਕ ਰਜਿਸਟਰ, ਵਿਕਰੀ ਰਿਕਾਰਡ, ਬਿੱਲਾਂ ਅਤੇ ਆਵਾਜਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਬਰੀਕੀ ਨਾਲ ਪੜਤਾਲ ਕੀਤੀ ਗਈ। ਇਸ ਤੋਂ ਬਾਅਦ ਬਟਾਲਾ ਵਿੱਚ ਜ਼ਿਲ੍ਹੇ ਦੇ ਖਾਦ ਥੋਕ ਵਿਕਰੇਤਾਵਾਂ ਨਾਲ ਮੀਟਿੰਗ ਕਰਦਿਆਂ ਡਾ. ਚੀਮਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਖਾਦਾਂ ਨਾਲ ਕੀਟਨਾਸ਼ਕ, ਨਦੀਨਨਾਸ਼ਕ, ਬੀਜ, ਮਾਈਕਰੋ ਨਿਊਟ੍ਰੀਐਂਟਸ, ਬਾਇਓ ਫਰਟੀਲਾਈਜ਼ਰ ਜਾਂ ਹੋਰ ਕਿਸੇ ਖੇਤੀ ਇਨਪੁੱਟ ਦੀ ਟੈਗਿੰਗ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਕਿਸਾਨ ਨੂੰ ਸਿਰਫ਼ ਆਪਣੀ ਲੋੜ ਅਨੁਸਾਰ ਖਾਦ ਖਰੀਦਣ ਦਾ ਪੂਰਾ ਅਧਿਕਾਰ ਹੈ ਅਤੇ ਕਿਸੇ ਹੋਰ ਸਮਾਨ ਦੀ ਖਰੀਦ ਲਈ ਮਜਬੂਰ ਕਰਨਾ ਕਾਨੂੰਨੀ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਸਮੂਹ ਡੀਲਰਾਂ ਨੂੰ ਸਟਾਕ ਅਤੇ ਵਿਕਰੀ ਦਾ ਰਿਕਾਰਡ ਨਿਯਮਤ ਤੌਰ ‘ਤੇ ਅਪਡੇਟ ਰੱਖਣ ਅਤੇ ਬਿਨਾਂ ਕਿਸੇ ਸ਼ਰਤ ਦੇ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਡਾ. ਚੀਮਾ ਨੇ ਚਿਤਾਵਨੀ ਦਿੱਤੀ ਕਿ ਖਾਦਾਂ ਦੀ ਟੈਗਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਸਾਹਮਣੇ ਆਉਣ ‘ਤੇ ਖਾਦ ਕੰਟਰੋਲ ਆਰਡਰ-1985 ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਜਾਂਚ ਟੀਮਾਂ ਰੈਕ ਪੁਆਇੰਟਾਂ, ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ਦੇ ਗੋਦਾਮਾਂ ਦੀ ਅਚਨਚੇਤ ਜਾਂਚ ਕਰਦੀਆਂ ਰਹਿਣਗੀਆਂ ਤਾਂ ਜੋ ਕਿਸਾਨਾਂ ਨੂੰ ਖਾਦਾਂ ਦੀ ਪਾਰਦਰਸ਼ੀ ਅਤੇ ਨਿਰਵਿਘਨ ਉਪਲਬਧਤਾ ਯਕੀਨੀ ਬਣਾਈ ਜਾ ਸਕੇ।



