BSP ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਨਵੇਂ ਇੰਚਾਰਜਾਂ ਦਾ ਐਲਾਨ, ਪੜ੍ਹੋ ਵੇਰਵਾ

Top Trending News ਚੰਡੀਗੜ੍ਹ ਪੰਜਾਬ

 

BSP ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਨਵੇਂ ਇੰਚਾਰਜਾਂ ਦਾ ਐਲਾਨ, ਪੜ੍ਹੋ ਵੇਰਵਾ

ਚੰਡੀਗੜ੍ਹ, 7 ਅਗਸਤ 2026

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵੱਡੀਆਂ ਤਬਦੀਲੀਆਂ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਸੀਨੀਅਰ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਇਸ ਨਵੇਂ ਫੇਰਬਦਲ ਤਹਿਤ ਬਸਪਾ ਦੇ ਸੀਨੀਅਰ ਆਗੂ ਰਾਮਜੀ ਗੌਤਮ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਮੁੱਖ ਸੈਕਟਰ ਇੰਚਾਰਜ ਥਾਪਿਆ ਗਿਆ ਹੈ। ਰਾਮਜੀ ਗੌਤਮ ਖੇਤਰ ਵਿੱਚ ਪਾਰਟੀ ਦੀਆਂ ਸਮੁੱਚੀਆਂ ਗਤੀਵਿਧੀਆਂ ਦੀ ਅਗਵਾਈ ਕਰਨਗੇ।

ਇਸ ਦੇ ਨਾਲ ਹੀ, ਵਿਪੁਲ ਕੁਮਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਦਾ ਕੇਂਦਰੀ ਸਟੇਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਵਿਪੁਲ ਕੁਮਾਰ, ਰਾਮਜੀ ਗੌਤਮ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਰਹਿ ਕੇ ਖੇਤਰ ਵਿੱਚ ਪਾਰਟੀ ਦਾ ਵਿਸਤਾਰ ਕਰਨਗੇ। ਉਨ੍ਹਾਂ ਦੀਆਂ ਮੁੱਖ ਜ਼ਿੰਮੇਵਾਰੀਆਂ ਵਿੱਚ ਜਨ ਸੰਪਰਕ ਮੁਹਿੰਮ ਚਲਾਉਣਾ, ਮੈਂਬਰਸ਼ਿਪ ਮੁਹਿੰਮ ਨੂੰ ਵਧਾਉਣਾ ਅਤੇ ਬਸਪਾ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਾ ਸ਼ਾਮਲ ਹੋਵੇਗਾ।

ਪਾਰਟੀ ਹਾਈਕਮਾਂਡ ਦੇ ਇਸ ਫੈਸਲੇ ਨਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬਸਪਾ ਵਰਕਰਾਂ ਵਿੱਚ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸੰਗਠਨ ਵਿੱਚ ਕੀਤੀਆਂ ਇਹ ਨਵੀਆਂ ਨਿਯੁਕਤੀਆਂ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਰਾਜਨੀਤਿਕ ਤੌਰ ‘ਤੇ ਵਧੇਰੇ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।