ਪੰਜਾਬ ਕਾਂਗਰਸ ’ਚ ਅੰਦਰੂਨੀ ਕਲੇਸ਼ ਮੁੜ ਉਭਰਿਆ; ਵਿਧਾਇਕਾਂ ਨੇ ਹਾਈ ਕਮਾਂਡ ਨੂੰ ਲਿਖੀ ਸਾਂਝੀ ਚਿੱਠੀ

Top Trending News ਪੰਜਾਬ

 

ਪੰਜਾਬ ਕਾਂਗਰਸ ’ਚ ਅੰਦਰੂਨੀ ਕਲੇਸ਼ ਮੁੜ ਉਭਰਿਆ; ਵਿਧਾਇਕਾਂ ਨੇ ਹਾਈ ਕਮਾਂਡ ਨੂੰ ਲਿਖੀ ਸਾਂਝੀ ਚਿੱਠੀ

ਚੰਡੀਗੜ੍ਹ, 11 ਅਗਸਤ 2026: ਪੰਜਾਬ ਕਾਂਗਰਸ ਅੰਦਰ ਚੱਲ ਰਿਹਾ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਤੋਂ ਬਾਅਦ ਕਾਂਗਰਸ ਦੇ ਵਿਧਾਇਕਾਂ ਨੇ ਇਕਜੁੱਟ ਹੋ ਕੇ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਭੇਜੀ ਹੈ। ਇਸ ਚਿੱਠੀ ਰਾਹੀਂ ਸੂਬੇ ਵਿੱਚ ਪਾਰਟੀ ਦੀ ਮੌਜੂਦਾ ਸਥਿਤੀ ਅਤੇ ਹਾਲੀਆ ਘਟਨਾਕ੍ਰਮ ਨੂੰ ਲੈ ਕੇ ਆਪਣੀ ਨਾਰਾਜ਼ਗੀ ਤੇ ਚਿੰਤਾ ਜ਼ਾਹਰ ਕੀਤੀ ਗਈ ਹੈ।

ਸੂਤਰਾਂ ਮੁਤਾਬਕ, ਚਿੱਠੀ ਲਈ ਵਿਸ਼ੇਸ਼ ਫਾਰਮੈਟ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਸਾਰੇ ਕਾਂਗਰਸੀ ਵਿਧਾਇਕਾਂ ਦੇ ਨਾਮ ਅਤੇ ਉਨ੍ਹਾਂ ਦੇ ਸਬੰਧਤ ਵਿਧਾਨ ਸਭਾ ਹਲਕਿਆਂ ਲਈ ਵੱਖ-ਵੱਖ ਖਾਨੇ ਬਣਾਏ ਗਏ ਸਨ। ਵਿਧਾਇਕਾਂ ਤੋਂ ਇਸ ਫਾਰਮੈਟ ’ਤੇ ਬਕਾਇਦਾ ਦਸਤਖ਼ਤ ਕਰਵਾਏ ਗਏ, ਜਿਸ ਤੋਂ ਬਾਅਦ ਇਹ ਸਾਂਝੀ ਚਿੱਠੀ ਪਾਰਟੀ ਦੀ ਹਾਈ ਕਮਾਂਡ ਨੂੰ ਭੇਜੀ ਗਈ।

ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾਂ ਨੇ ਖ਼ਾਸ ਤੌਰ ’ਤੇ ਹਾਲ ਹੀ ਦੇ ਦਿਨਾਂ ਵਿੱਚ ਵੱਖ-ਵੱਖ ਪਾਰਟੀ ਸਮਾਗਮਾਂ ਦੌਰਾਨ ਟਿਕਟਾਂ ਦੀ ਵੰਡ ਅਤੇ ਸੰਭਾਵੀ ਉਮੀਦਵਾਰਾਂ ਦੀਆਂ ਦਾਅਵੇਦਾਰੀਆਂ ਨੂੰ ਲੈ ਕੇ ਹੋਈ ਬਿਆਨਬਾਜ਼ੀ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਪੰਜਾਬ ਵਿੱਚ ਕਾਂਗਰਸ ਦੀ ਅੰਦਰੂਨੀ ਸਥਿਤੀ ਅਤੇ ਪਾਰਟੀ ਦੇ ਅਕਸ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ਵਿਧਾਇਕਾਂ ਨੇ ਹਾਈ ਕਮਾਂਡ ਤੋਂ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਪਾਰਟੀ ਅੰਦਰ ਚੱਲ ਰਹੇ ਮਤਭੇਦਾਂ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕਮਾਂਡ ਦੇ ਅਗਲੇ ਕਦਮ ’ਤੇ ਟਿਕੀਆਂ ਹਨ।