ਪੰਜਾਬ ’ਚ ਨਸ਼ੇ ਨੂੰ ਲੈ ਕੇ ਸਿਆਸੀ ਘਮਾਸਾਨ: ਹਰਭਜਨ ਸਿੰਘ ਨੇ ਸਾਂਝੀ ਕੀਤੀ ਵੀਡੀਓ ਤਾਂ, ਪੁਲਿਸ ਨੇ ਕਿਹਾ- ਵੀਡੀਓ ਰਾਜਸਥਾਨ ਦੀ
ਚੰਡੀਗੜ੍ਹ, 11 ਅਗਸਤ 2026: ਪੰਜਾਬ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੰਗਲਵਾਰ ਨੂੰ ਸਿਆਸਤ ਉਸ ਸਮੇਂ ਗਰਮਾ ਗਈ, ਜਦੋਂ ਰਾਜ ਸਭਾ ਮੈਂਬਰ ਅਤੇ ਭਾਜਪਾ ਆਗੂ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰਕੇ ਸੂਬੇ ਵਿੱਚ ਨਸ਼ੇ ਦੀ ਗੰਭੀਰ ਸਥਿਤੀ ’ਤੇ ਚਿੰਤਾ ਪ੍ਰਗਟਾਈ। ਵੀਡੀਓ ਵਿੱਚ ਦੋ ਨੌਜਵਾਨ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਸੜਕ ’ਤੇ ਬਿਨਾਂ ਹਿਲੇ-ਜੁਲੇ ਖੜ੍ਹੇ ਦਿਖਾਈ ਦੇ ਰਹੇ ਹਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਨੂੰ ‘ਜ਼ੌਂਬੀ ਡਰੱਗ’ ਨਾਲ ਜੋੜਿਆ ਗਿਆ, ਹਾਲਾਂਕਿ ਹਰਭਜਨ ਸਿੰਘ ਨੇ ਆਪਣੀ ਪੋਸਟ ਵਿੱਚ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਇਸ ਦੇ ਨੌਜਵਾਨ ਬਿਹਤਰ ਭਵਿੱਖ ਦੇ ਹੱਕਦਾਰ ਹਨ। ਨਸ਼ੇ ਖ਼ਿਲਾਫ਼ ਇਮਾਨਦਾਰੀ, ਜਵਾਬਦੇਹੀ ਅਤੇ ਤੁਰੰਤ ਕਾਰਵਾਈ ਦੀ ਲੋੜ ਹੈ।
ਪੰਜਾਬ ਪੁਲਿਸ ਨੇ ਕੀਤਾ ਖੰਡਨ
ਹਰਭਜਨ ਸਿੰਘ ਦੀ ਪੋਸਟ ਤੋਂ ਬਾਅਦ ਪੰਜਾਬ ਪੁਲਿਸ ਨੇ ਵੀਡੀਓ ਦੀ ਜਾਂਚ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਵੀਡੀਓ ਪੰਜਾਬ ਦਾ ਨਹੀਂ, ਸਗੋਂ ਰਾਜਸਥਾਨ ਦੇ ਸ੍ਰੀਗੰਗਾਨਗਰ ਦਾ ਹੈ। ਪੁਲਿਸ ਨੇ ਕਿਹਾ ਕਿ ਸਿਰਫ਼ ਪੰਜਾਬੀ ਆਡੀਓ ਟਰੈਕ ਹੋਣ ਨਾਲ ਕੋਈ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ। ਪੁਲਿਸ ਨੇ ਸੋਸ਼ਲ ਮੀਡੀਆ ਯੂਜ਼ਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਮੱਗਰੀ ਨੂੰ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਥਾਂ ਅਤੇ ਤੱਥਾਂ ਦੀ ਪੁਸ਼ਟੀ ਕੀਤੀ ਜਾਵੇ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਰਭਜਨ ਸਿੰਘ ਦੀ ਪੋਸਟ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ’ਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ ਅਤੇ ਸਵਾਲ ਕੀਤਾ ਕਿ ਕੀ ਅਜਿਹੀ ਪੋਸਟ ਪਾਉਣ ਦਾ ਨਿਰਦੇਸ਼ ਪ੍ਰਧਾਨ ਮੰਤਰੀ ਦਫ਼ਤਰ ਤੋਂ ਮਿਲਿਆ ਸੀ। ਵੀਡੀਓ ਨੂੰ ਲੈ ਕੇ ਛਿੜਿਆ ਇਹ ਵਿਵਾਦ ਪੰਜਾਬ ਵਿੱਚ ਨਸ਼ੇ ਦੇ ਮੁੱਦੇ ’ਤੇ ਚੱਲ ਰਹੀ ਸਿਆਸੀ ਤਕਰਾਰ ਨੂੰ ਹੋਰ ਤੇਜ਼ ਕਰ ਗਿਆ ਹੈ।



