ਪੈਟਰੋਲ-ਡੀਜ਼ਲ ਦੇ ਰੇਟ ‘ਤੇ ਪੈ ਸਕਦੈ ਵੱਡਾ ਅਸਰ! ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਦਿਨ ਤੇਜ਼ੀ

Top Trending News ਦਿੱਲੀ ਰਾਸ਼ਟਰੀ

 

ਪੈਟਰੋਲ-ਡੀਜ਼ਲ ਦੇ ਰੇਟ ‘ਤੇ ਪੈ ਸਕਦੈ ਵੱਡਾ ਅਸਰ! ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਦਿਨ ਤੇਜ਼ੀ

ਨਵੀਂ ਦਿੱਲੀ, 19 ਅਗਸਤ 2026

ਅੰਤਰਰਾਸ਼ਟਰੀ ਬਾਜ਼ਾਰ ਤੋਂ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਫ਼ਤੇ ਦੇ ਲਗਾਤਾਰ ਚੌਥੇ ਦਿਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ ਹੈ। ਗਲੋਬਲ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ 91 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈ ਹੈ, ਜਦਕਿ ਅਮਰੀਕੀ WTI ਕਰੂਡ ਵੀ 85 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ ਉੱਪਰ ਨਿਕਲ ਗਿਆ ਹੈ।

ਅਮਰੀਕੀ ਪੈਟਰੋਲੀਅਮ ਇੰਸਟੀਚਿਊਟ (API) ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਕੱਚੇ ਤੇਲ ਦਾ ਭੰਡਾਰ ਲਗਾਤਾਰ ਘਟ ਰਿਹਾ ਹੈ। ਇਸ ਦੌਰਾਨ ਇੱਕ ਹੋਰ ਚਿੰਤਾਜਨਕ ਸੰਕੇਤ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਕੱਚੇ ਤੇਲ ਤੋਂ ਡੀਜ਼ਲ ਬਣਾਉਣ ਦਾ ਮਾਰਜਿਨ 100 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਿਆ ਹੈ। ਇਸ ਨਾਲ ਗਲੋਬਲ ਊਰਜਾ ਸਪਲਾਈ ਚੇਨ ’ਤੇ ਦਬਾਅ ਹੋਰ ਵਧਣ ਦੇ ਆਸਾਰ ਹਨ।

ਮੱਧ ਪੂਰਬ ਵਿੱਚ ਵਧ ਰਿਹਾ ਤਣਾਅ, ਯੂਏਈ ਅਤੇ ਈਰਾਨ ਵਿਚਾਲੇ ਵਿਗੜਦੇ ਸਬੰਧ ਅਤੇ ਅਮਰੀਕਾ ਵਿੱਚ ਘਟ ਰਹੀ ਤੇਲ ਦੀ ਇਨਵੈਂਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਦੇ ਮੁੱਖ ਕਾਰਨਾਂ ਵਜੋਂ ਦੇਖੇ ਜਾ ਰਹੇ ਹਨ। ਮੌਜੂਦਾ ਹਾਲਾਤਾਂ ਵਿੱਚ ਕੀਮਤਾਂ ’ਚ ਤੁਰੰਤ ਨਰਮੀ ਦੇ ਸੰਕੇਤ ਘੱਟ ਦਿਖਾਈ ਦੇ ਰਹੇ ਹਨ।

ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇਹ ਤੇਜ਼ੀ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਭਾਰਤ ਸਮੇਤ ਦੁਨੀਆ ਭਰ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਆਵਾਜਾਈ ਲਾਗਤ ’ਤੇ ਪੈ ਸਕਦਾ ਹੈ।