ਚੰਡੀਗੜ੍ਹ-ਮੋਹਾਲੀ ਦੀਆਂ ਸੜਕਾਂ ਬਣੀਆਂ ਨਹਿਰਾਂ! ਭਾਰੀ ਮੀਂਹ ਜਨ ਜੀਵਨ ਪ੍ਰਭਾਵਿਤ- ਅਗਲੇ 5 ਦਿਨ ਹੋਰ ਵੀ ਖ਼ਤਰਨਾਕ

Top Trending News

 

ਚੰਡੀਗੜ੍ਹ-ਮੋਹਾਲੀ ਦੀਆਂ ਸੜਕਾਂ ਬਣੀਆਂ ਨਹਿਰਾਂ! ਭਾਰੀ ਮੀਂਹ ਜਨ ਜੀਵਨ ਪ੍ਰਭਾਵਿਤ- ਅਗਲੇ 5 ਦਿਨ ਹੋਰ ਵੀ ਖ਼ਤਰਨਾਕ

ਚੰਡੀਗੜ੍ਹ, 19 ਅਗਸਤ 2026

ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਮੰਗਲਵਾਰ ਸ਼ਾਮ ਪਏ ਭਾਰੀ ਮੀਂਹ ਨੇ ਇੱਕ ਪਾਸੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ, ਜਦਕਿ ਦੂਜੇ ਪਾਸੇ ਸ਼ਹਿਰੀ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਹਕੀਕਤ ਵੀ ਸਾਹਮਣੇ ਲਿਆ ਦਿੱਤੀ। ਕੁਝ ਹੀ ਸਮੇਂ ਦੇ ਮੀਂਹ ਤੋਂ ਬਾਅਦ ਕਈ ਮੁੱਖ ਸੜਕਾਂ, ਚੌਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਖੜ੍ਹ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਜਾਣਕਾਰੀ ਮੁਤਾਬਿਕ, ਚੰਡੀਗੜ੍ਹ ਦੇ ਸੈਕਟਰ-35 ਸਥਿਤ ਜੇ.ਡਬਲਯੂ. ਮੈਰੀਅਟ ਹੋਟਲ ਦੇ ਸਾਹਮਣੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਵਾਹਨਾਂ ਦੀ ਲੰਮੀ ਕਤਾਰ ਲੱਗ ਗਈ। ਕਈ ਦੋ-ਪਹੀਆ ਅਤੇ ਚਾਰ-ਪਹੀਆ ਵਾਹਨ ਪਾਣੀ ਵਿੱਚ ਅੱਧੇ ਤੋਂ ਵੱਧ ਡੁੱਬੇ ਨਜ਼ਰ ਆਏ, ਜਦਕਿ ਕੁਝ ਗੱਡੀਆਂ ਵਿਚਕਾਰ ਸੜਕ ‘ਤੇ ਹੀ ਬੰਦ ਹੋ ਗਈਆਂ। ਇਸ ਨਾਲ ਦਫ਼ਤਰਾਂ ਤੋਂ ਘਰ ਵਾਪਸ ਜਾ ਰਹੇ ਲੋਕਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ।

ਭਾਰੀ ਮੀਂਹ ਤੋਂ ਬਾਅਦ ਨਗਰ ਨਿਗਮ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਸੁੱਕਰ ਮਸ਼ੀਨਾਂ ਦੀ ਮਦਦ ਨਾਲ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਕੀਤਾ ਗਿਆ। ਨਾਲ ਹੀ ਨਾਲੀਆਂ ਅਤੇ ਸੀਵਰੇਜ ਲਾਈਨਾਂ ਦੀ ਸਫ਼ਾਈ ਲਈ ਵੀ ਮੁਹਿੰਮ ਚਲਾਈ ਗਈ।

ਇਸ ਦੌਰਾਨ ਮੌਸਮ ਵਿਗਿਆਨ ਕੇਂਦਰ ਨੇ ਚੰਡੀਗੜ੍ਹ ਟ੍ਰਾਈਸਿਟੀ ਖੇਤਰ ਲਈ ਅਗਲੇ ਪੰਜ ਦਿਨਾਂ ਤੱਕ ਗਰਜ-ਚਮਕ ਅਤੇ ਮੀਂਹ ਦੀ ਸੰਭਾਵਨਾ ਜਤਾਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ, ਬੇਲੋੜੀ ਯਾਤਰਾ ਤੋਂ ਬਚਣ ਅਤੇ ਪਾਣੀ ਭਰੇ ਇਲਾਕਿਆਂ ਵਿੱਚੋਂ ਲੰਘਣ ਸਮੇਂ ਖ਼ਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ।