ਫਰੀਦਕੋਟ ਤੋਂ ਲਾਪਤਾ 3 ਨਾਬਾਲਿਗ ਵਿਦਿਆਰਥਣਾਂ ਦੀ ਮੁੰਬਈ ’ਚ ਮਿਲੀ ਲੋਕੇਸ਼ਨ, ਪੁਲਿਸ ਟੀਮ ਰਵਾਨਾ

Top Trending News ਪੰਜਾਬ

  • ਫਰੀਦਕੋਟ ਤੋਂ ਲਾਪਤਾ 3 ਨਾਬਾਲਿਗ ਵਿਦਿਆਰਥਣਾਂ ਦੀ ਮੁੰਬਈ ’ਚ ਮਿਲੀ ਲੋਕੇਸ਼ਨ, ਪੁਲਿਸ ਟੀਮ ਰਵਾਨਾ
  • ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਦੌਰਾਨ ਮਿਲਿਆ ਅਹਿਮ ਸੁਰਾਗ, ਤਿੰਨਾਂ ਨੂੰ ਜਲਦ ਸੁਰੱਖਿਅਤ ਬਰਾਮਦ ਕਰਨ ਦੀ ਉਮੀਦ

ਫਰੀਦਕੋਟ, 23 ਅਗਸਤ (ਦੇਸ਼ ਕਲਿੱਕ ਬਿਊਰੋ): ਫਰੀਦਕੋਟ ਦੀ ਇੱਕ ਕਾਲੋਨੀ ਤੋਂ 10 ਅਗਸਤ 2026 ਨੂੰ ਲਾਪਤਾ ਹੋਈਆਂ ਤਿੰਨ ਨਾਬਾਲਿਗ ਵਿਦਿਆਰਥਣਾਂ ਦੇ ਮਾਮਲੇ ਵਿੱਚ ਪੁਲਿਸ ਨੂੰ ਅਹਿਮ ਸੁਰਾਗ ਮਿਲਿਆ ਹੈ। ਪੁਲਿਸ ਦੀ ਜਾਂਚ ਦੌਰਾਨ ਤਿੰਨਾਂ ਵਿਦਿਆਰਥਣਾਂ ਦੇ ਮੁੰਬਈ ਵਿੱਚ ਹੋਣ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ। ਥਾਣਾ ਸਿਟੀ-2 ਦੇ ਐੱਸਐੱਚਓ ਅਕਲਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਤਿੰਨਾਂ ਵਿਦਿਆਰਥਣਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਮਿਲੇ ਇਨਪੁਟ ਦੇ ਆਧਾਰ ’ਤੇ ਪੁਲਿਸ ਨੂੰ ਉਨ੍ਹਾਂ ਦੀ ਮੁੰਬਈ ਵਿੱਚ ਲੋਕੇਸ਼ਨ ਮਿਲੀ, ਜਿਸ ਤੋਂ ਬਾਅਦ ਇੱਕ ਪੁਲਿਸ ਟੀਮ ਮੁੰਬਈ ਲਈ ਰਵਾਨਾ ਕਰ ਦਿੱਤੀ ਗਈ ਹੈ।

ਪੁਲਿਸ ਵੱਲੋਂ ਤਿੰਨਾਂ ਨਾਬਾਲਿਗ ਵਿਦਿਆਰਥਣਾਂ ਨੂੰ ਸੁਰੱਖਿਅਤ ਲੱਭਣ ਅਤੇ ਵਾਪਸ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਤਿੰਨੇ ਫਰੀਦਕੋਟ ਤੋਂ ਮੁੰਬਈ ਕਿਵੇਂ ਪਹੁੰਚੀਆਂ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਵਿਦਿਆਰਥਣਾਂ ਦੇ ਨਾਲ ਕੋਈ ਹੋਰ ਵਿਅਕਤੀ ਮੌਜੂਦ ਹੈ ਜਾਂ ਉਹ ਆਪਣੇ ਤੌਰ ’ਤੇ ਮੁੰਬਈ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਤਿੰਨਾਂ ਦੇ ਸੁਰੱਖਿਅਤ ਮਿਲਣ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਅਸਲ ਤਸਵੀਰ ਸਾਫ਼ ਹੋ ਸਕੇਗੀ।

ਗੌਰਤਲਬ ਹੈ ਕਿ ਜੋਤਰਾਮ ਕਾਲੋਨੀ ਦੀ ਕਰੀਬ 15 ਸਾਲਾ ਵਿਦਿਆਰਥਣ 10 ਅਗਸਤ ਦੀ ਸਵੇਰ ਕਰੀਬ 7:30 ਵਜੇ ਆਪਣੀਆਂ ਦੋ ਸਹੇਲੀਆਂ, ਜਿਨ੍ਹਾਂ ਦੀ ਉਮਰ ਲਗਭਗ 14-14 ਸਾਲ ਦੱਸੀ ਜਾ ਰਹੀ ਹੈ, ਨਾਲ ਸਕੂਲ ਜਾਣ ਲਈ ਘਰੋਂ ਨਿਕਲੀ ਸੀ। ਪਰ ਤਿੰਨੇ ਸਕੂਲ ਨਹੀਂ ਪਹੁੰਚੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਥਾਣਾ ਸਿਟੀ-2 ਪੁਲਿਸ ਨੇ 12 ਅਗਸਤ 2026 ਨੂੰ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 137(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।