ਕੌਮਾਂਤਰੀ ਕਾਰ ਸ਼ੋਅਰੂਮ ’ਚ ਭਿਆਨਕ ਅੱਗ, ਕਰੀਬ 30 ਵਾਹਨ ਸੜ ਕੇ ਸੁਆਹ

Top Trending News ਰਾਸ਼ਟਰੀ

 

ਕੌਮਾਂਤਰੀ ਕਾਰ ਸ਼ੋਅਰੂਮ ’ਚ ਭਿਆਨਕ ਅੱਗ, ਕਰੀਬ 30 ਵਾਹਨ ਸੜ ਕੇ ਸੁਆਹ

ਕੋਲਕਾਤਾ (ਪੱਛਮੀ ਬੰਗਾਲ), 24 ਅਗਸਤ: ਕੋਲਕਾਤਾ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸਥਿਤ ਇੱਕ ਕੌਮਾਂਤਰੀ ਕਾਰ ਸ਼ੋਅਰੂਮ ਵਿੱਚ ਰਾਤ ਸਮੇਂ ਭਿਆਨਕ ਅੱਗ ਲੱਗਣ ਕਾਰਨ ਕਰੀਬ 30 ਵਾਹਨ ਸੜ ਕੇ ਸੁਆਹ ਹੋ ਗਏ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਸਮੇਂ ਵਿੱਚ ਸ਼ੋਅਰੂਮ ਦਾ ਵੱਡਾ ਹਿੱਸਾ ਇਸ ਦੀ ਲਪੇਟ ਵਿੱਚ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਕਰੀਬ ਦੋ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਫਾਇਰ ਵਿਭਾਗ ਦੇ ਇੰਚਾਰਜ ਸੁਭਾਸ਼ੀਸ ਨਾਗ ਨੇ ਦੱਸਿਆ ਕਿ ਵਿਭਾਗ ਨੂੰ ਸਵੇਰੇ ਕਰੀਬ 4:45 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਤੁਰੰਤ ਅੱਠ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਦੇ ਅੰਦਰ 21 ਅਤੇ ਬਾਹਰ ਦੋ ਵਾਹਨ ਖੜ੍ਹੇ ਸਨ।

ਇਸੇ ਦੌਰਾਨ ਸ਼ੋਅਰੂਮ ਦੇ ਨੇੜੇ ਆਪਣੀ ਗੱਡੀ ਖੜ੍ਹੀ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਸਵੇਰੇ ਕਰੀਬ 4 ਵਜੇ ਦੋਸਤ ਨੇ ਫੋਨ ਕਰਕੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ। ਉਹ ਤੁਰੰਤ ਆਪਣੀ ਗੱਡੀ ਹਟਾਉਣ ਲਈ ਮੌਕੇ ’ਤੇ ਪਹੁੰਚਿਆ, ਪਰ ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਉਹ 10 ਫੁੱਟ ਦੇ ਘੇਰੇ ਵਿੱਚ ਵੀ ਨਹੀਂ ਜਾ ਸਕਿਆ।