ਪਿਆਜ਼ ਦੀਆਂ ਵਧਦੀਆਂ ਕੀਮਤਾਂ ’ਤੇ ਸਰਕਾਰ ਦਾ ਵੱਡਾ ਕਦਮ, ‘Kanda Express’ ਰਾਹੀਂ ਦਿੱਲੀ ਭੇਜਿਆ 800 ਟਨ ਪਿਆਜ਼
ਨਵੀਂ ਦਿੱਲੀ 26 ਅਗਸਤ 2026
ਪਿਆਜ਼ ਦੀਆਂ ਕੀਮਤਾਂ ਵਿੱਚ ਔਸਤ ਨਾਲੋਂ 59 ਫ਼ੀਸਦੀ ਵੱਧ ਵਾਧਾ ਦਰਜ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਕੀਮਤਾਂ ਨੂੰ ਕਾਬੂ ਕਰਨ ਲਈ ਬਾਜ਼ਾਰ ਵਿੱਚ ਦਖ਼ਲ ਵਧਾ ਦਿੱਤਾ ਹੈ। ਸਰਕਾਰ ਨੇ ਬਫ਼ਰ ਭੰਡਾਰ ਵਿੱਚੋਂ ਪਿਆਜ਼ ਦੀ ਸਪਲਾਈ ਵਧਾਉਣ ਲਈ ‘ਕਾਂਦਾ ਐਕਸਪ੍ਰੈੱਸ’ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਮਹਾਰਾਸ਼ਟਰ ਦੇ ਨਾਸਿਕ ਤੋਂ ਦਿੱਲੀ ਸਮੇਤ ਪੰਜ ਵੱਡੇ ਸ਼ਹਿਰਾਂ ਤੱਕ ਪਿਆਜ਼ ਪਹੁੰਚਾਇਆ ਜਾ ਰਿਹਾ ਹੈ।
ਸੋਮਵਾਰ ਨੂੰ ਨਾਸਿਕ ਦੇ ਲਾਸਲਗਾਓਂ ਤੋਂ ਬਫ਼ਰ ਭੰਡਾਰ ਵਿੱਚੋਂ 800 ਟਨ ਤੋਂ ਵੱਧ ਪਿਆਜ਼ ਦਿੱਲੀ ਲਈ ਰਵਾਨਾ ਕੀਤਾ ਗਿਆ। ਸਰਕਾਰ ਦਾ ਉਦੇਸ਼ ਮੰਡੀਆਂ ਵਿੱਚ ਪਿਆਜ਼ ਦੀ ਉਪਲਬਧਤਾ ਵਧਾ ਕੇ ਥੋਕ ਕੀਮਤਾਂ ਨੂੰ ਹੇਠਾਂ ਲਿਆਉਣਾ ਹੈ। ਇਸ ਵੇਲੇ ਪਿਆਜ਼ ਦੀ ਕੀਮਤ ਲਗਭਗ 55 ਰੁਪਏ ਪ੍ਰਤੀ ਕਿਲੋਗ੍ਰਾਮ ਦੱਸੀ ਜਾ ਰਹੀ ਹੈ, ਜਦਕਿ ‘ਕਾਂਦਾ ਐਕਸਪ੍ਰੈੱਸ’ ਦੇ ਦਿੱਲੀ ਪਹੁੰਚਣ ਤੋਂ ਬਾਅਦ ਸਰਕਾਰੀ ਵਿਕਰੀ ਕੇਂਦਰਾਂ ਰਾਹੀਂ ਪਿਆਜ਼ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ’ਤੇ ਮੁਹੱਈਆ ਕਰਵਾਉਣ ਦੀ ਯੋਜਨਾ ਹੈ।
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਆਜ਼ ਦਾ ਭੰਡਾਰ ਸੰਤੋਸ਼ਜਨਕ ਹੈ, ਪਰ ਕੁਝ ਵਪਾਰੀਆਂ ਵੱਲੋਂ ਮਹਿੰਗੇ ਭਾਅ ’ਤੇ ਵਿਕਰੀ ਕਾਰਨ ਕੀਮਤਾਂ ਵਧ ਰਹੀਆਂ ਹਨ। ਸਰਕਾਰ ਨੂੰ ਉਮੀਦ ਹੈ ਕਿ ਥੋਕ ਕੀਮਤਾਂ ਘਟਣ ਨਾਲ ਖੁਦਰਾ ਬਾਜ਼ਾਰ ਵਿੱਚ ਵੀ ਰਾਹਤ ਮਿਲੇਗੀ।





