ਸਾਵਧਾਨ! ਪੰਜਾਬ ‘ਚ 22000 ਲੀਟਰ ਸ਼ੱਕੀ ਦੇਸੀ ਘਿਓ ਦੇ ਸੈਂਪਲ ਫੇਲ, ਦੋ ਕੰਪਨੀਆਂ ਖ਼ਿਲਾਫ਼ FIR ਦਰਜ

Top Trending News ਪੰਜਾਬ

 

ਸਾਵਧਾਨ! ਪੰਜਾਬ ‘ਚ 22000 ਲੀਟਰ ਸ਼ੱਕੀ ਦੇਸੀ ਘਿਓ ਦੇ ਸੈਂਪਲ ਫੇਲ, ਦੋ ਕੰਪਨੀਆਂ ਖ਼ਿਲਾਫ਼ FIR ਦਰਜ

ਕੋਟਕਪੂਰਾ 13 ਸਤੰਬਰ 2026-

ਪੰਜਾਬ ਦੇ ਕੋਟਕਪੂਰਾ ਵਿੱਚ ਸਿਹਤ ਵਿਭਾਗ ਵੱਲੋਂ ਟੈਂਕਰ ’ਚੋਂ ਬਰਾਮਦ ਕੀਤੇ ਕਰੀਬ 22 ਹਜ਼ਾਰ ਲੀਟਰ ਸ਼ੱਕੀ ਦੇਸੀ ਘਿਓ ਦੇ ਸੈਂਪਲ ਅਨਸੇਫ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਦੋ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਸਿਹਤ ਵਿਭਾਗ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਕੋਟਕਪੂਰਾ ਪੁਲਿਸ ਵੱਲੋਂ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇੱਕ ਟੈਂਕਰ ਵਿੱਚ ਵੱਡੀ ਮਾਤਰਾ ਵਿੱਚ ਸ਼ੱਕੀ ਦੇਸੀ ਘਿਓ ਕੋਟਕਪੂਰਾ ਦੇ ਫਰੀਦਕੋਟ ਰੋਡ ਸਥਿਤ ਨਾਰਾਇਣ ਐਗਰੋ ਫੂਡਜ਼ ਲਿਮਟਿਡ ਦੀ ਫੈਕਟਰੀ ਵਿੱਚ ਸਪਲਾਈ ਲਈ ਲਿਆਂਦਾ ਗਿਆ ਹੈ। ਸੂਚਨਾ ਮਿਲਣ ’ਤੇ ਟੀਮ ਨੇ ਮੌਕੇ ’ਤੇ ਪਹੁੰਚ ਕੇ ਟੈਂਕਰ ਕਬਜ਼ੇ ਵਿੱਚ ਲੈ ਲਿਆ ਅਤੇ ਨਿਯਮਾਂ ਅਨੁਸਾਰ ਘਿਓ ਦੇ ਵੱਖ-ਵੱਖ ਸੈਂਪਲ ਲੈ ਕੇ ਲੈਬ ਜਾਂਚ ਲਈ ਭੇਜੇ।

ਫੂਡ ਸੇਫਟੀ ਅਧਿਕਾਰੀ ਨਵਦੀਪ ਸਿੰਘ ਚਹਿਲ ਨੇ ਦੱਸਿਆ ਕਿ ਲੈਬ ਰਿਪੋਰਟ ਵਿੱਚ ਸੈਂਪਲ ਅਨਸੇਫ ਪਾਏ ਗਏ ਹਨ। ਇਸ ਤੋਂ ਬਾਅਦ ਵਿਭਾਗ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ।

ਪੁਲਿਸ ਨੇ ਗ੍ਰੇਟਰ ਨੋਇਡਾ ਦੀ ਵਰਸੇਟਾਈਲ ਫੂਡਜ਼ ਐਂਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਅਤੇ ਕੋਟਕਪੂਰਾ ਦੀ ਨਾਰਾਇਣ ਐਗਰੋ ਫੂਡਜ਼ ਲਿਮਟਿਡ ਖ਼ਿਲਾਫ਼ ਬੀਐਨਐਸ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਟੈਂਕਰ ਦੇ ਡਰਾਈਵਰ ਅਤੇ ਕੰਡਕਟਰ ਦੀ ਮੁੱਢਲੀ ਜਾਂਚ ਵਿੱਚ ਕੋਈ ਭੂਮਿਕਾ ਸਾਹਮਣੇ ਨਹੀਂ ਆਈ।