ਗੁਲਜਾਰ ਸਿੰਘ ਖੁਦਕੁਸ਼ੀ ਮਾਮਲਾ: ਵਿੱਤ ਮੰਤਰੀ ਚੀਮਾ ਬੋਲੇ- ‘ਮੈਨੂੰ ਫਸਾਉਣ ਦੀ ਸਿਆਸੀ ਸਾਜ਼ਿਸ਼, ਮੇਰੇ ਕੋਲ ਪੁਖਤਾ ਸਬੂਤ’

Top Trending News ਪੰਜਾਬ

 

ਗੁਲਜਾਰ ਸਿੰਘ ਖੁਦਕੁਸ਼ੀ ਮਾਮਲਾ: ਵਿੱਤ ਮੰਤਰੀ ਚੀਮਾ ਬੋਲੇ- ‘ਮੈਨੂੰ ਫਸਾਉਣ ਦੀ ਸਿਆਸੀ ਸਾਜ਼ਿਸ਼, ਮੇਰੇ ਕੋਲ ਪੁਖਤਾ ਸਬੂਤ’

ਚੰਡੀਗੜ੍ਹ, 16 ਸਤੰਬਰ 2026- ਗੁਲਜਾਰ ਸਿੰਘ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਚੀਮਾ ਨੇ ਆਪਣੇ ’ਤੇ ਲੱਗ ਰਹੇ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਹੈ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਹਰਪਾਲ ਚੀਮਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਕੋਲ ਅਹਿਮ ਅਤੇ ਪੁਖਤਾ ਸਬੂਤ ਮੌਜੂਦ ਹਨ। ਹਾਲਾਂਕਿ ਮਾਮਲਾ ਇਸ ਸਮੇਂ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਉਹ ਫਿਲਹਾਲ ਇਹ ਸਬੂਤ ਜਨਤਕ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਦਾਲਤੀ ਕਾਰਵਾਈ ਪੂਰੀ ਹੋਣ ਅਤੇ ਢੁੱਕਵਾਂ ਸਮਾਂ ਆਉਣ ’ਤੇ ਉਹ ਸਾਰੇ ਸਬੂਤ ਲੋਕਾਂ ਦੇ ਸਾਹਮਣੇ ਰੱਖਣਗੇ।

ਚੀਮਾ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਹੈ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਹਾਈਕੋਰਟ ਵਿੱਚ ਵੀ ਗਿਆ ਹੈ ਅਤੇ ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆ ਰਹੇ ਤੱਥਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਅਤੇ ਮੌਤ ਵਰਗੇ ਸੰਵੇਦਨਸ਼ੀਲ ਮਾਮਲੇ ਨੂੰ ਸਿਆਸੀ ਤੌਰ ’ਤੇ ਵਰਤਣ ਦੀ ਬਜਾਏ ਕਾਨੂੰਨੀ ਪ੍ਰਕਿਰਿਆ ’ਤੇ ਭਰੋਸਾ ਕਰਨਾ ਚਾਹੀਦਾ ਹੈ।

ਇਸ ਦੌਰਾਨ ਗੁਲਜਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਭਾਜਪਾ ਦੇ ਆਗੂ ਵੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਮਾਮਲੇ ਸਬੰਧੀ ਪਰਿਵਾਰ ਨਾਲ ਗੱਲਬਾਤ ਕੀਤੀ। ਵਿਰੋਧੀ ਧਿਰ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਵਿੱਤ ਮੰਤਰੀ ’ਤੇ ਸਵਾਲ ਉਠਾਏ ਜਾ ਰਹੇ ਹਨ। ਚੀਮਾ ਦੇ ਇਸ ਬਿਆਨ ਤੋਂ ਬਾਅਦ ਮਾਮਲਾ ਇੱਕ ਵਾਰ ਫਿਰ ਸਿਆਸੀ ਤੌਰ ’ਤੇ ਚਰਚਾ ਵਿੱਚ ਆ ਗਿਆ ਹੈ।