ਪੰਜਾਬ ‘ਚ ਦਰਦਨਾਕ ਸੜਕ ਹਾਦਸਾ; ਬਜ਼ੁਰਗ ਵਿਅਕਤੀ ਦੀ ਮੌਤ
ਤਰਸਿੱਕਾ (ਅੰਮ੍ਰਿਤਸਰ), 16 ਸਤੰਬਰ 2026: ਕਸਬਾ ਤਰਸਿੱਕਾ ਵਿਖੇ ਪੁਲ ਨਹਿਰ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 65 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੈਮਲ ਸਿੰਘ ਪੁੱਤਰ ਗੁਰਵੇਲ ਸਿੰਘ, ਵਾਸੀ ਪਿੰਡ ਅਕਾਲਗੜ੍ਹ ਢਪਈਆਂ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜੈਮਲ ਸਿੰਘ ਆਪਣੀ ਸਕੂਟਰੀ ’ਤੇ ਤਰਸਿੱਕਾ ਤੋਂ ਖਜਾਲਾ ਵੱਲ ਜਾ ਰਿਹਾ ਸੀ। ਜਦੋਂ ਉਹ ਪੁਲ ਨਹਿਰ ਤਰਸਿੱਕਾ ਨੇੜੇ ਪਹੁੰਚਿਆ ਤਾਂ ਉਹ ਰੇਤਾ ਨਾਲ ਭਰੇ ਇੱਕ ਟਿੱਪਰ ਦੀ ਲਪੇਟ ਵਿੱਚ ਆ ਗਿਆ ਅਤੇ ਟਿੱਪਰ ਦੇ ਹੇਠਾਂ ਆਉਣ ਕਾਰਨ ਗੰਭੀਰ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜੈਮਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਰਸਿੱਕਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਹਾਦਸੇ ਦੇ ਕਾਰਨਾਂ ਅਤੇ ਟਿੱਪਰ ਚਾਲਕ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।







