ਮੈਨੂੰ ਭਾਜਪਾ ’ਚ ਚਾਰ ਸਾਲਾਂ ਦੌਰਾਨ ਕੁਝ ਨਹੀਂ ਮਿਲਿਆ- ਕੈਪਟਨ ਅਮਰਿੰਦਰ ਦਾ ਵੱਡਾ ਬਿਆਨ- ਕਾਂਗਰਸ ’ਚ ਵਾਪਸੀ ਦੀ ਚਰਚਾ ਤੇ ਵੀ ਦਿੱਤਾ ਜਵਾਬ
ਚੰਡੀਗੜ੍ਹ 25 ਸਤੰਬਰ 2026:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਇਸ ਸਮੇਂ ਭਾਜਪਾ ਵਿੱਚ ਸੇਵਾਵਾਂ ਨਿਭਾਅ ਰਹੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਆਪਣੇ ਚਾਰ ਸਾਲਾਂ ਦੇ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ‘ਦਿ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ “ਅਸਲ ਵਿੱਚ ਕੁਝ ਵੀ ਹਾਸਲ ਨਹੀਂ ਹੋਇਆ”।
ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਤੋਂ ਪੰਜਾਬ ਸਬੰਧੀ ਮਾਮਲਿਆਂ ਵਿੱਚ ਉਮੀਦ ਮੁਤਾਬਕ ਸਲਾਹ ਨਹੀਂ ਲਈ ਗਈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਵਿੱਚ ਵਾਪਸੀ ਦੀ ਕੋਈ ਯੋਜਨਾ ਨਹੀਂ ਬਣਾ ਰਹੇ।
ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੱਕ ਕਾਂਗਰਸ ਨਾਲ ਜੁੜੇ ਰਹੇ ਹਨ ਅਤੇ ਨਿੱਜੀ ਤੌਰ ’ਤੇ ਪਾਰਟੀ ਦੇ ਆਗੂਆਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ, ਪਰ ਸਿਆਸੀ ਤੌਰ ’ਤੇ ਵਾਪਸੀ ਬਾਰੇ ਉਨ੍ਹਾਂ ਦਾ ਕੋਈ ਫ਼ੈਸਲਾ ਨਹੀਂ ਹੈ।
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਚੋਣ ਲੜਨ ਦੇ ਉਨ੍ਹਾਂ ਦੇ ਦਿਨ “ਅਸਰਦਾਰ ਢੰਗ ਨਾਲ ਖ਼ਤਮ” ਹੋ ਚੁੱਕੇ ਹਨ ਅਤੇ ਫਿਲਹਾਲ ਉਹ ਚੋਣ ਰਾਜਨੀਤੀ ਤੋਂ ਦੂਰ ਰਹਿਣਗੇ। ਉਨ੍ਹਾਂ ਆਪਣੀ ਧੀ ਵੱਲੋਂ ਸਿਆਸੀ ਸਰਗਰਮੀਆਂ ਵਿੱਚ ਕੀਤੀ ਜਾ ਰਹੀ ਮਿਹਨਤ ਦਾ ਵੀ ਜ਼ਿਕਰ ਕੀਤਾ।







