CM ਮਾਨ ਨੂੰ ਮਿਲਿਆ ਜਾਪਾਨ ਦੌਰੇ ਦਾ ਸੱਦਾ; ਹਾਕੀ ਮੈਚ ਦੇਖਣ ਲਈ ਕੇਂਦਰ ਸਰਕਾਰ ਤੋਂ ਮੰਗੀ ਪੋਲੀਟੀਕਲ ਕਲੀਅਰੈਂਸ
ਜਾਪਾਨ ਵਿੱਚ ਭਾਰਤੀ ਹਾਕੀ ਟੀਮ ਦੇ ਮੈਚ ਦੇਖਣਗੇ ਮੁੱਖ ਮੰਤਰੀ ਭਗਵੰਤ ਮਾਨ, ਵਿਦੇਸ਼ ਮੰਤਰਾਲੇ ਨੂੰ ਭੇਜੀ ਅਰਜ਼ੀ
30 ਸਤੰਬਰ ਤੋਂ 3 ਅਕਤੂਬਰ ਤੱਕ ਜਾਪਾਨ ਦੌਰੇ ਦੀ ਤਿਆਰੀ; ਪੰਜਾਬ ਸਰਕਾਰ ਨੂੰ ਕੇਂਦਰ ਤੋਂ ਹਰੀ ਝੰਡੀ ਮਿਲਣ ਦੀ ਉਮੀਦ
ਚੰਡੀਗੜ੍ਹ, 25 ਸਤੰਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦ ਹੀ ਜਾਪਾਨ ਦੇ ਦੌਰੇ ‘ਤੇ ਜਾ ਸਕਦੇ ਹਨ। ਇਸ ਸਬੰਧੀ ਉਨ੍ਹਾਂ ਨੂੰ ਜਾਪਾਨ ਵੱਲੋਂ ਅਧਿਕਾਰਤ ਤੌਰ ‘ਤੇ ਵਿਸ਼ੇਸ਼ ਸੱਦਾ ਪੱਤਰ ਪ੍ਰਾਪਤ ਹੋਇਆ ਹੈ। ਜਾਪਾਨ ਦੌਰੇ ‘ਤੇ ਜਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਜ਼ਰੂਰੀ ‘ਪੋਲੀਟੀਕਲ ਕਲੀਅਰੈਂਸ’ (ਰਾਜਨੀਤਿਕ ਮਨਜ਼ੂਰੀ) ਮੰਗੀ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਰਸਮੀ ਅਰਜ਼ੀ ਭੇਜ ਦਿੱਤੀ ਗਈ ਹੈ, ਤਾਂ ਜੋ ਇਸ ਦੌਰੇ ਲਈ ਲੋੜੀਂਦੀਆਂ ਪ੍ਰਕਿਰਿਆਵਾਂ ਸਮੇਂ ਸਿਰ ਪੂਰੀਆਂ ਕੀਤੀਆਂ ਜਾ ਸਕਣ। ਇਹ ਜਾਣਕਾਰੀ ਆਪ ਦੇ ਬੁਲਾਰੇ ਬਲਤੇਜ ਪੰਨੂ ਨੇ ਦਿੱਤੀ।
ਪੰਨੂ ਨੇ ਕਿਹਾ ਕਿ, ਮੁੱਖ ਮੰਤਰੀ ਨੂੰ ਇਹ ਖਾਸ ਸੱਦਾ ਜਾਪਾਨ ਵਿੱਚ ਆਯੋਜਿਤ ਹੋ ਰਹੇ ਅੰਤਰਰਾਸ਼ਟਰੀ ਹਾਕੀ ਮੈਚ ਦੇਖਣ ਅਤੇ ਭਾਰਤੀ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਦਾ ਖੇਡਾਂ ਨਾਲ, ਖਾਸ ਕਰਕੇ ਹਾਕੀ ਨਾਲ ਡੂੰਘਾ ਲਗਾਅ ਹੈ। ਇਹੀ ਵਜ੍ਹਾ ਹੈ ਕਿ ਉਹ ਭਾਰਤੀ ਹਾਕੀ ਟੀਮ ਦੇ ਮਹੱਤਵਪੂਰਨ ਮੁਕਾਬਲਿਆਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਨ।
ਦੌਰੇ ਦੀਆਂ ਤਾਰੀਖਾਂ ਅਤੇ ਸ਼ੈਡਿਊਲ ਬਾਰੇ ਗੱਲ ਕਰੀਏ ਤਾਂ ਜਾਪਾਨ ਵਿੱਚ 30 ਸਤੰਬਰ ਅਤੇ 1 ਅਕਤੂਬਰ ਨੂੰ ਸਿਆਸੀ ਤੇ ਸ਼ੁਰੂਆਤੀ ਮੁਕਾਬਲੇ ਖੇਡੇ ਜਾਣੇ ਹਨ, ਜਦੋਂ ਕਿ 2 ਅਕਤੂਬਰ ਅਤੇ 3 ਅਕਤੂਬਰ ਨੂੰ ਮੇਲ (ਪੁਰਸ਼) ਅਤੇ ਫੀਮੇਲ (ਮਹਿਲਾ) ਹਾਕੀ ਟੀਮਾਂ ਦੇ ਫਾਈਨਲ ਮੈਚ ਖੇਡੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਚਾਰੋਂ ਮੈਚਾਂ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹਨ ਅਤੇ ਖੁਦ ਸਟੇਡੀਅਮ ਵਿੱਚ ਮੌਜੂਦ ਰਹਿ ਕੇ ਭਾਰਤੀ ਟੀਮਾਂ ਦਾ ਹੌਂਸਲਾ ਵਧਾਉਣਾ ਚਾਹੁੰਦੇ ਹਨ।
ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਪੂਰੀ ਉਮੀਦ ਹੈ ਕਿ ਕੇਂਦਰ ਸਰਕਾਰ ਵੱਲੋਂ ਆਉਣ ਵਾਲੇ ਦੋ-ਚਾਰ ਦਿਨਾਂ ਦੇ ਅੰਦਰ-ਅੰਦਰ ਇਸ ਦੌਰੇ ਲਈ ਹਰੀ ਝੰਡੀ (ਕਲੀਅਰੈਂਸ) ਦੇ ਦਿੱਤੀ ਜਾਵੇਗੀ।







